ਫਗਵਾੜਾ ਵਿਖੇ ਸ਼ੇਰਗਿਲ ਐਂਡ ਮਿਨਰਵਾ ਫੁੱਟਬਾਲ ਤੇ ਕ੍ਰਿਕੇਟ ਅਕੈਡਮੀ ਦਾ ਹੋਇਆ ਸ਼ੁੱਭ ਆਰੰਭ
ਦੋਆਬੇ ਦੇ ਨੌਜਵਾਨਾਂ ਨੂੰ ਮਿਲੇਗੀ ਖੇਡਣ ਦੀ ਸੇਧ - ਧਾਲੀਵਾਲ
ਫਗਵਾੜਾ 22 ਨਵੰਬਰ ( ਨਵੋਦਿਤ ਸ਼ਰਮਾ ) ਮੋਹਾਲੀ ਦੀ ਪ੍ਰਸਿੱਧ ਮਿਨਰਵਾ ਖੇਡ ਅਕੈਡਮੀ ਵਲੋਂ ਫਗਵਾੜਾ ਦੇ ਜੀ.ਟੀ. ਰੋਡ ਸਥਿਤ ਪਿੰਡ ਚੱਕ ਹਕੀਮ ਦੇ ਨਜਦੀਕ ਮੇਨ ਹਾਈਵੇ ਉੱਪਰ ਸ਼ੇਰਗਿਲ ਐਂਡ ਮਿਨਰਵਾ ਫੁਟਬਾਲ ਐਂਡ ਕ੍ਰਿਕੇਟ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ. ਫਗਵਾੜਾ ਅਤੇ ਹੀਰਾ ਸਿੰਘ ਸੀ.ਈ.ਓ. ਹੀਰਾ ਇੰਟਰਨੈਸ਼ਨਲ ਗਰੁੱਪ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਉਹਨਾਂ ਅਕੈਡਮੀ ਦੇ ਸੰਚਾਲਕ ਯੋਧਵੀਰ ਗਿਲ, ਉਹਨਾਂ ਦੇ ਪਿਤਾ ਦਵਿੰਦਰ ਗਿੱਲ ਅਤੇ ਮਿਨਰਵਾ ਅਕੈਡਮੀ ਮੋਹਾਲੀ ਦੇ ਸੰਚਾਲਕ ਰਣਜੀਤ ਬਜਾਜ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਅਕੈਡਮੀ ਰਾਹੀਂ ਫਗਵਾੜਾ ਹੀ ਨਹੀਂ ਸਗੋਂ ਸਾਰੇ ਦੋਆਬਾ ਖੇਤਰ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਹੋਣ ਦੀ ਸੇਧ ਮਿਲੇਗੀ। ਯੋਧਵੀਰ ਗਿੱਲ ਨੇ ਦੱਸਿਆ ਕਿ ਇਸ ਅਕੈਡਮੀ ਵਿਚ ਖਿਡਾਰੀਆਂ ਨੂੰ ਫੁੱਟਬਾਲ ਅਤੇ ਕ੍ਰਿਕੇਟ ਦੀ ਸਿਖਲਾਈ ਟਾਪ ਕਲਾਸ ਸਹੂਲਤਾਂ ਦੇ ਨਾਲ ਦਿੱਤੀ ਜਾਵੇਗੀ। ਅਕੈਡਮੀ ਵਿਚ ਜਿੱਥੇ ਵਧੀਆ ਖੇਡ ਗਰਾਉਂਡਾਂ ਦਾ ਪ੍ਰਬੰਧ ਹੈ, ਉੱਥੇ ਹੀ ਆਧੂਨਿਕ ਸੁਵਿਧਾਵਾਂ ਵਾਲੇ ਪੀ.ਜੀ., ਫੀਜੀਓਥੈਰੇਪੀ ਰੂਮ ਅਤੇ ਜਿਮ ਦੀ ਸਹੂਲਤ ਦਿੱਤੀਆਂ ਜਾ ਰਹੀਆਂ ਹਨ। ਅਕੈਡਮੀ ਦਾ ਮੁੱਖ ਉਦੇਸ਼ ਫੁੱਟਬਾਲ ਵਿਚ ਪੰਜਾਬ ਦੇ ਖਿਡਾਰੀਆਂ ਨੂੰ ਮੁੜ ਤੋਂ ਮੋਹਰੀ ਬਨਾਉਣਾ ਹੈ। ਜਿਸ ਕਰਕੇ ਸਿਰਫ ਦੋ ਹਜਾਰ ਅਤੇ ਤਿੰਨ ਹਜਾਰ ਰੁਪਏ ਪ੍ਰਤੀ ਮਹੀਨਾ ਵਾਲੇ ਬਹੁਤ ਵਾਜਿਬ ਰੇਟ ਦੇ ਪੈਕੇਜ ਰੱਖੇ ਗਏ ਹਨ। ਮਿਨਰਵਾ ਅਕੈਡਮੀ ਦੇ ਸੰਚਾਲਕ ਰਣਜੀਤ ਬਜਾਜ ਅਨੁਸਾਰ ਉਹਨਾਂ ਦਾ ਹੈੱਡ ਕੁਆਰਟਰ ਮੋਹਾਲੀ ਵਿਖੇ ਹੈ। ਜਿੱਥੇ ਸ਼ੁਭਮਨ ਗਿਲ ਅਤੇ ਅਰਸ਼ਦੀਪ ਸਿੰਘ ਵਰਗੇ ਭਾਰਤੀ ਟੀਮ ਦੇ ਟਾਪ ਕਲਾਸ ਕ੍ਰਿਕੇਟਰਾਂ ਤੋਂ ਇਲਾਵਾ ਭਾਰਤੀ ਫੁੱਟਬਾਲ ਟੀਮ ਦੇ ਡਿਫੇਂਡਰ ਅਨਵਰ ਅਲੀ ਵੀ ਖੇਡਦੇ ਰਹੇ ਹਨ। ਉਹਨਾਂ ਸਮੂਹ ਨੌਜਵਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਅਕੈਡਮੀ ਵਿਚ ਸਿਖਲਾਈ ਪ੍ਰਾਪਤ ਕਰਕੇ ਆਪਣੇ ਹੁਨਰ ਨੂੰ ਨਿਖਾਰਦੇ ਹੋਏ ਪਰਿਵਾਰ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।
ਤਸਵੀਰ – ਫਗਵਾੜਾ ਵਿਖੇ ਸ਼ੇਰਗਿਲ ਐਂਡ ਮਿਨਰਵਾ ਖੇਡ ਅਕੈਡਮੀ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਾਲ ਯੋਧਵੀਰ ਗਿੱਲ ਅਤੇ ਹੋਰ।