ਪ੍ਰਮੁੱਖ ਖਬਰਾਂ
ਰੈਸਟ ਹਾਊਸ ਫਗਵਾੜਾ ਵਿਖੇ ਹੋਈ ਜੇਸੀਟੀ ਮਿੱਲ ਮਜ਼ਦੂਰ ਯੂਨੀਅਨ ਦੀ ਹੰਗਾਮੀ ਮੀਟਿੰਗ
ਮਾਮਲੇ ਨੂੰ ਠੰਡੇ ਬਸਤੇ ‘ਚ ਪਾਉਣ ਦੀ ਗਲਤੀ ਨਾ ਕਰੇ ਪ੍ਰਸ਼ਾਸਨ : ਕਮਲ ਸਰੋਜ * ਮਿੱਲ ਮਾਲਕਾਂ ਤੋਂ ਮਜ਼ਦੂਰਾਂ ਦਾ ਬਕਾਇਆ ਵਸੂਲਿਆ ਜਾਵੇ : ਰਵੀ ਸਿੱਧੂ
ਫਗਵਾੜਾ 25 ਨਵੰਬਰ ( ਨਵੋਦਿਤ ਸ਼ਰਮਾ ) ਜੇ.ਸੀ.ਟੀ ਮਿੱਲ ਮਾਲਕਾਂ ਵਲੋਂ ਮਜ਼ਦੂਰਾਂ ਦੇ ਬਕਾਏ ਲਈ ਸੰਘਰਸ਼ ਕਰ ਰਹੀ ਜੇ.ਸੀ.ਟੀ ਮਿੱਲ ਮਜ਼ਦੂਰ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹੋਈ। ਯੂਨੀਅਨ ਦੇ ਪ੍ਰਧਾਨ ਰਵੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਯੂਨੀਅਨ ਦੇ ਚੇਅਰਮੈਨ ਸੁਨੀਲ ਪਾਂਡੇ ਤੋਂ ਇਲਾਵਾ ਸ਼ਿਵ ਸੈਨਾ (ਯੂਬੀਟੀ) ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਅਤੇ ਸਾਬਕਾ ਮਹਿਲਾ ਕੌਂਸਲਰ ਤ੍ਰਿਪਤਾ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪ੍ਰਧਾਨ ਰਵੀ ਸਿੱਧੂ, ਚੇਅਰਮੈਨ ਸੁਨੀਲ ਪਾਂਡੇ ਅਤੇ ਅਜੇ ਯਾਦਵ ਨੇ ਕਿਹਾ ਕਿ ਪੁਲੀਸ ਨੇ ਮਿੱਲ ਮਾਲਕਾਂ ਖ਼ਿਲਾਫ਼ ਐਫ.ਆਈ.ਆਰ. ਤਾਂ ਦਰਜ ਕੀਤੀ ਪਰ ਅੱਜ ਤੱਕ ਨਾ ਤਾਂ ਦੋਸ਼ੀ ਮਿੱਲ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਮਾਲਕਾਂ ਵਲੋਂ ਕੀਤੀ ਧੋਖਾਧੜੀ ਅਤੇ ਗੁੰਡਾਗਰਦੀ ਵਿੱਚ ਸ਼ਾਮਲ ਮਿੱਲ ਪ੍ਰਬੰਧਕਾਂ ਖਿਲਾਫ ਕੋਈ ਪੁਲਿਸ ਕਾਰਵਾਈ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਐਫ.ਆਈ.ਆਰ ਰੱਦ ਕਰਨ ਦੀ ਕਾਰਵਾਈ ਕਰਨ ਜਾ ਰਹੀ ਹੈ। ਜਿਸ ਲਈ ਉਹ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ ਇਸ ਮਾਮਲੇ ਨੂੰ ਰਫਾ-ਦਫਾ ਕਰਨ ਜਾਂ ਇਸ ’ਤੇ ਪਰਦਾ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਪੁਲਿਸ ਨੇ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਿੱਖਾ ਵਿਰੋਧ ਕੀਤਾ ਜਾਵੇਗਾ। ਇੱਥੋਂ ਤੱਕ ਕਿ ਮਿੱਲ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਵੀ ਮਿੱਲ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਨਾ ਹੀ ਮਿੱਲ ਦਾ ਕੋਈ ਸਾਮਾਨ ਬਾਹਰ ਜਾਣ ਦਿੱਤਾ ਜਾਵੇਗਾ। ਸ਼ਿਵ ਸੈਨਾ ਆਗੂ ਕਮਲ ਸਰੋਜ ਨੇ ਵੀ ਕਿਹਾ ਕਿ ਜਦੋਂ ਤੱਕ ਮਿੱਲ ਦੇ ਤਿੰਨ ਹਜ਼ਾਰ ਦੇ ਕਰੀਬ ਮਜ਼ਦੂਰਾਂ ਦੇ ਹੱਕ ਦਾ ਇੱਕ-ਇੱਕ ਪੈਸਾ ਅਦਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਮਜ਼ਦੂਰ ਭਾਈਚਾਰੇ ਨਾਲ ਡਟ ਕੇ ਖੜ੍ਹੇ ਰਹਿਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਿੱਲ ਮਾਲਕਾਂ ਅਤੇ ਪ੍ਰਬੰਧਕਾਂ ਵਾਂਗ ਪੁਲਿਸ ਜਾਂ ਪ੍ਰਸ਼ਾਸਨ ਨੇ ਵੀ ਮਜ਼ਦੂਰ ਭਾਈਚਾਰੇ ’ਤੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਨਾਲ ਪੈਦਾ ਹੋਣ ਵਾਲੀ ਸਥਿਤੀ ਦੀ ਜ਼ਿੰਮੇਵਾਰੀ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਕਮਲ ਸਰੋਜ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਮਿੱਲ ਮਾਲਕਾਂ ਖਿਲਾਫ ਲੰਮੇ ਸਮੇਂ ਤੋਂ ਸੰਘਰਸ਼ ਕਰਨ ਲਈ ਮਜਬੂਰ ਤਿੰਨ ਹਜ਼ਾਰ ਮਜ਼ਦੂਰਾਂ ਦੇ ਬਕਾਏ ਤੁਰੰਤ ਦਿਵਾਉਣ ਲਈ ਕਾਰਗਰ ਕਦਮ ਚੁੱਕੇ ਜਾਣ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਸ਼ਰਧਾਨੰਦ ਸਿੰਘ, ਨਵਲ ਕਿਸ਼ੋਰ ਸਿੰਘ ਜਨਰਲ ਸਕੱਤਰ, ਅਨਿਲ ਮਿਸ਼ਰਾ ਸਕੱਤਰ, ਧਰਮਿੰਦਰ ਸਿੰਘ ਕੈਸ਼ੀਅਰ ਤੋਂ ਇਲਾਵਾ ਮਦਨ ਕੁਮਾਰ ਮਿਸ਼ਰਾ ਮੀਡੀਆ ਇੰਚਾਰਜ, ਤਰੁਣ ਸ਼ਰਮਾ ਲੱਕੀ, ਜਸਵੀਰ ਜੱਸੀ, ਰਾਮ ਈਸ਼ਵਰ ਕੁਮਾਰ, ਜਤਿੰਦਰ ਕੁਮਾਰ, ਰਾਮ ਭਰੋਸੇ ਯਾਦਵ, ਸੰਤੋਸ਼ ਕੁਮਾਰ, ਸਾਗਰ ਸ਼ਰਮਾ, ਬੱਚੂ ਸਿੰਘ, ਸੰਤੋਸ਼ ਪਾਂਡੇ, ਰਜਿੰਦਰ ਯਾਦਵ, ਸਤਿਆਨਾਰਾਇਣ ਸਿੰਘ, ਪੁਸ਼ਪਾ ਦੇਵੀ, ਗੀਤਾ ਤਿਵਾੜੀ, ਰਿਧੀ ਦੇਵੀ ਸਮੇਤ ਵੱਡੀ ਗਿਣਤੀ ਵਿੱਚ ਮਿੱਲ ਵਰਕਰ ਹਾਜ਼ਰ ਸਨ।
ਤਸਵੀਰ ਸਮੇਤ।
ਤਸਵੀਰ ਸਮੇਤ।
