ਐਤਵਾਰ ਨੂੰ ਅੰਤਿਮ ਸ਼ਰਧਾਂਜਲੀ ‘ਤੇ ਵਿਸ਼ੇਸ਼
ਛੋਟੀ ਉਮਰ ‘ਚ ਸਫਲ ਕਾਰੋਬਾਰੀ ਦੀਪਿਨ ਚਾਵਲਾ ਦਾ ਅਕਾਲ ਚਲਾਣਾ, ਕਦੇ ਨਾ ਪੂਰਾ ਹੋਣ ਵਾਲਾ ਘਾਟਾ
ਫਗਵਾੜਾ 29 ਨਵੰਬਰ ( ਨਵੋਦਿਤ ਸ਼ਰਮਾ ) ਫਗਵਾੜਾ ਦੇ ਸੀਨੀਅਰ ਪੱਤਰਕਾਰ ਟੀ.ਡੀ.ਚਾਵਲਾ ਦੇ ਇਕਲੌਤੇ ਸਪੁੱਤਰ ਦੀਪਿਨ ਚਾਵਲਾ ਜੋ ਨਾ ਸਿਰਫ ਇੱਕ ਸਮਾਜ ਸੇਵੀ ਸਗੋਂ ਇੱਕ ਸਫਲ ਵਪਾਰੀ ਵੀ ਸਨ, ਸਿਰਫ 46 ਸਾਲ ਦੀ ਉਮਰ ਵਿੱਚ 23 ਨਵੰਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਇਸ ਤਰ੍ਹਾਂ ਅਚਾਨਕ ਜਾਣਾ ਸਿਰਫ਼ ਚਾਵਲਾ ਪਰਿਵਾਰ ਲਈ ਨਹੀਂ ਸਗੋਂ ਸਮਾਜ ਲਈ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਗੰਭੀਰ ਸੁਭਾਅ ਦੇ ਮਾਲਕ ਅਤੇ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਹਮੇਸ਼ਾ ਸਰਗਰਮ ਰਹਿਣ ਵਾਲੇ ਦੀਪਿਨ ਚਾਵਲਾ ਦੇ ਅਚਾਨਕ ਹੋਏ ਅਕਾਲ ਚਲਾਣੇ ਨੇ ਸਮੁੱਚੇ ਸਮਾਜ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ ਹੈ। ਉਹ ਸ਼ਹਿਰ ਦੀ ਮਸ਼ਹੂਰ ਚਾਵਲਾ ਫਾਈਨਾਂਸ ਕੰਪਨੀ ਦੇ ਮਾਲਕ ਹੋਣ ਦੇ ਨਾਲ ਸ਼੍ਰੀ ਕ੍ਰਿਸ਼ਨ ਮਹਾਨੁਭਾਵ ਟਰੱਸਟ ਦੁਆਰਾ ਬਣਾਏ ਸ਼੍ਰੀ ਕ੍ਰਿਸ਼ਨ ਗੀਤਾ ਗਿਆਨ ਮੰਦਿਰ ਦੇ ਉਪ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਰਹੇ ਸਨ। ਜਿੱਥੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਦੀਪਿਨ ਚਾਵਲਾ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਸਨ। ਫਗਵਾੜਾ ਦੀ ਦਹਾਕਿਆਂ ਪੁਰਾਣੀ ਸੰਸਥਾ ਲੋਕ ਸੇਵਾ ਦਲ ਦੇ ਮੀਤ ਪ੍ਰਧਾਨ ਹੁੰਦਿਆਂ ਉਨ੍ਹਾਂ ਨੇ ਸਮਾਜ ਸੇਵਾ ਦੇ ਕਈ ਪ੍ਰੋਜੈਕਟ ਕੀਤੇ। ਸੰਸਥਾ ਵੱਲੋਂ ਲੜਕੀਆਂ ਦੀ ਸਿੱਖਿਆ ਸਬੰਧੀ ਕੀਤੇ ਗਏ ਕੰਮਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਅਜੀਬ ਇਤਫ਼ਾਕ ਹੈ ਕਿ ਪ੍ਰਸਿੱਧ ਸਮਾਜ ਸੇਵੀ ਮਾਤਾ ਸਤੀਸ਼ ਚਾਵਲਾ ਦੀ ਕੁੱਖੋਂ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜਨਮੇ ਦੀਪਿਨ ਚਾਵਲਾ ਨੇ ਆਪਣਾ ਆਖਰੀ ਸਾਹ ਵੀ ਮਾਮੂਲੀ ਬਿਮਾਰੀ ਤੋਂ ਬਾਅਦ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਹੀ ਲਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਸਲੋਨੀ, ਦੋ ਧੀਆਂ ਕਾਵਿਆ ਅਤੇ ਦੀਕਸ਼ਾ ਅਤੇ ਦੋ ਭੈਣਾਂ ਜੋਤੀ ਅਤੇ ਸੋਵੀਆ ਛੱਡ ਗਏ ਹਨ। ਦੀਪਿਨ ਚਾਵਲਾ ਦੇ ਨਮਿਤ ਅੰਤਿਮ ਸ਼ੋਕ ਸਭਾ 1 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 2 ਤੋਂ 3 ਵਜੇ ਤੱਕ ਅਮਰ ਪੈਲੇਸ, ਬੰਗਾ ਰੋਡ ਫਗਵਾੜਾ ਵਿਖੇ ਹੋਵੇਗੀ।