ਜੀ.ਡੀ.ਆਰ ਸਕੂਲ ਵਿੱਚ ਮਨਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਦਿਵਸ
ਜੀ.ਡੀ.ਆਰ ਸਕੂਲ ਵਿੱਚ ਮਨਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਦਿਵਸ
ਫਗਵਾੜਾ –6 ਦਸੰਬਰ (ਨਵੋਦਿਤ ਸ਼ਰਮਾ /ਸੁਸ਼ੀਲ ਸ਼ਰਮਾ )ਜੀ. ਡੀ. ਆਰ ਕਾਨਵੈਂਟ ਸੀ. ਸੈ. ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਲੋਟਸ ਸਦਨ ਦੇ ਇੰਚਾਰਜ ਮੈਡਮ ਨਵਜੋਤ ਕੌਰ ਦੀ ਅਗਵਾਈ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਇਸ ਸਭਾ ਦਾ ਮੁਖ ਉਦੇਸ਼ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਕੁਰਬਾਨੀ ਨੂੰ ਯਾਦ ਕਰਨਾ ਸੀ | ਇਸ ਸਭਾ ਵਿੱਚ ਵਿਦਿਆਰਥੀਆਂ ਵਲੋਂ ਵਿਸ਼ੇਸ਼ ਰੂਪ ਵਿੱਚ ਸ਼ਬਦ ਗਾਇਨ ਕੀਤਾ ਗਿਆ | ਜਿਸ ਨਾਲ ਸਕੂਲ ਦਾ ਮਾਹੌਲ ਭਗਤੀ ਭਾਵਨਾ ਵਿੱਚ ਰੰਗ ਗਿਆ | ਇਸ ਉਪਰੰਤ ਸਵੇਰ ਦਾ ਵਿਚਾਰ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਮੇਧਾ ਵਲੋਂ ਪੇਸ਼ ਕੀਤਾ ਗਿਆ | ਸ਼ਹੀਦੀ ਦਿਵਸ ਨਾਲ ਸੰਬੰਧਿਤ ਵਿਚਾਰ ਗਿਆਰ੍ਹਵੀਂ ਜਮਾਤ ਦੀ ਹੀ ਵਿਦਿਆਰਥਣ ਹਿਮਾਂਸ਼ੀ ਵਲੋਂ ਸਾਂਝੇ ਕੀਤੇ ਗਏ | ਉਸਨੇ ਆਪਣੇ ਭਾਸ਼ਣ ਵਿੱਚ ਦੱਸਦਿਆਂ ਹੋਇਆ ਕਿਹਾ ਕਿ ਇਹ ਦਿਨ ਸਾਡੇ ਧਾਰਮਿਕ, ਸੰਸਕ੍ਰਿਤਕ ਅਤੇ ਆਤਮਿਕ ਇਤਿਹਾਸ ਵਿੱਚ ਇਕ ਮਹਾਨ ਮਹੱਤਵ ਰੱਖਦਾ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਪੂਰੇ ਜਗਤ ਦੇ ਹੱਕਾਂ ਦੀ ਰੱਖਿਆ ਕਰਨ ਵਾਲੇ ਸੰਤ ਸਨ | ਉਹਨਾਂ ਨੇ ਆਪਣਾ ਜੀਵਨ ਮਨੁੱਖੀ ਹੱਕਾਂ, ਧਾਰਮਿਕ ਆਜ਼ਾਦੀ ਅਤੇ ਸੱਚ ਦੀ ਰਾਖੀ ਲਈ ਵਾਰ ਦਿੱਤਾ | ਜਦੋ ਮੁਗ਼ਲ ਸਮਰਾਟ ਔਰੰਗਜ਼ੇਬ ਨੇ ਜ਼ਬਰਦਸਤੀ ਧਰਮ ਬਦਲਣ ਦੀ ਮੰਗ ਕੀਤੀ ਤਾਂ ਉਹਨਾਂ ਨੇ ਆਪਣਾ ਸੀਸ ਤਿਆਗ ਦਿੱਤਾ ਪਰ ਇਨਸਾਨੀਅਤ ਦੇ ਮੂਲ ਸੰਕਲਪਾਂ ਤੋਂ ਪਿੱਛੇ ਨਹੀਂ ਹੱਟੇ | 1675 ਈ. ਵਿੱਚ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਜੀ ਨੇ ਅਸਹਿਣਸ਼ੀਲਤਾ ਅਤੇ ਜ਼ੁਲਮ ਦੇ ਖਿਲਾਫ ਸ਼ਹਾਦਤ ਪਾਈ | ਉਹਨਾਂ ਦੀ ਸ਼ਹੀਦੀ ਸਾਡੇ ਸਭ ਲਈ ਪ੍ਰੇਰਨਾਦਾਇਕ ਹੈ | ਉਹਨਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਅੱਜ ਦੀ ਜ਼ਰੂਰਤ ਬਣ ਗਈ ਹੈ | ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੱਚਾਈ, ਨਿਰਭਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਪਾਠ ਜੋ ਸਾਨੂੰ ਗੁਰੂ ਜੀ ਨੇ ਦਿੱਤੇ ਹਨ, ਉਹ ਅੱਜ ਦੇ ਯੁਗ ਵਿੱਚ ਵੀ ਬਹੁਤ ਮਹੱਤਵਪੂਰਨ ਹਨ | ਇਸ ਸ਼ਹੀਦੀ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਉਹਨਾਂ ਦੇ ਸਿਧਾਂਤਾ ਤੇ ਚਲਣਾ ਅਤੇ ਹਮੇਸ਼ਾ ਸੱਚ ਦੇ ਰਾਹ ਤੇ ਤੁਰਨਾ ਹੈ | ਉਹਨਾਂ ਨੇ ਮਨੁੱਖਤਾ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ | ਇਹ ਕੁਰਬਾਨੀ ਕੋਈ ਛੋਟੀ ਨਹੀਂ ਹੈ | ਆਓ ਅਸੀਂ ਅੱਜ ਇਹ ਵਾਅਦਾ ਕਰੀਏ ਕਿ ਅਸੀਂ ਗੁਰੂ ਜੀ ਦੇ ਦਿਖਾਏ ਰਸਤੇ ਤੇ ਤੁਰਾਂਗੇ ਅਤੇ ਮਨੁੱਖਤਾ ਦੀ ਸੇਵਾ ਕਰਾਂਗੇ |
