ਕਪੂਰਥਲਾ
ਬਜ਼ੁਰਗ ਤੇ ਦਿਲ ਦੇ ਮਰੀਜ਼ ਸਵੇਰੇ-ਸ਼ਾਮ ਦੀ ਸੈਰ ਤੋਂ ਕਰਨ ਗੁਰੇਜ਼ : ਡਾ.ਰਿਚਾ ਭਾਟੀਆ
ਸਿਵਲ ਸਰਜਨ ਵਲੋਂ ਮਰੀਜਾਂ ਦੇ ਇਲਾਜ ਲਈ ਹਸਪਤਾਲਾਂ 'ਚ ਲੋੜੀਂਦੇ ਇੰਤਜਾਮ ਕਰਨ ਦੀਆਂ ਹਦਾਇਤਾਂ
ਕਪੂਰਥਲਾ/ ਫਗਵਾੜਾ (ਸੁਸ਼ੀਲ ਸ਼ਰਮਾ/ ਨਵੋਦਿਤ ਸ਼ਰਮਾ)ਵੱਧ ਰਹੀ ਠੰਡ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਇਸ ਨਾਲ ਲੋਕਾਂ ਦੀ ਸਿਹਤ ‘ਤੇ ਪ੍ਰਭਾਵ ਪੈਣਾ ਵੀ ਸੁਭਾਵਿਕ ਹੈ। ਸਰਦੀ ਤੋਂ ਲੋਕਾਂ ਨੂੰ ਅਪਣਾ ਬਚਾਅ ਕਰਨ ਦੀ ਸਲਾਹ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਭਾਟੀਆ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸ਼ੀਤ ਲਹਿਰ ਨਾਲ ਬਜ਼ੁਰਗ ਅਤੇ ਛੋਟੇ ਬੱਚੇ ਜਿਆਦਾ ਪ੍ਰਭਾਵਤ ਹੁੰਦੇ ਹਨ। ਉਹਨਾਂ ਨੂੰ ਸਰਦੀ ਲੱਗਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਸ ਲਈ ਬਜ਼ੁਰਗ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜਿਆਦਾ ਠੰਡ ਅਤੇ ਧੁੰਦ ਹੋਣ ‘ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ ਕਰਨ ਅਤੇ ਸ਼ੀਤ ਲਹਿਰ ਦੇ ਮੱਦੇਨਜਰ ਦੁਪਈਆ ਵਾਹਨ ਦੀ ਵਰਤੋ ਘੱਟ ਕੀਤੀ ਜਾਵੇ ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਿਮੋਨੀਆ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ ਅਤੇ ਠੰਡ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖਾਸ ਧਿਆਨ ਦਿੰਦੇ ਹੋਏੇ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ‘ਤੇ ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜ਼ਰੂਰ ਪਾਈਆਂ ਜਾਣ। ਸਰਦੀ ਦੇ ਮੌਸਮ ਵਿੱਚ ਘਰਾਂ ਵਿੱਚ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਜਿਸ ਨਾਲ ਬੰਦ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ ਉਹਨਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜਿਲ਼ੇ ਅਧੀਨ ਆਉਂਦੇ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਠੰਡ ਨਾਲ ਪੀੜਤ ਮਰੀਜਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਲੋੜੀਂਦੇ ਇੰਤਜਾਮ ਕਰਨ ਲਈ ਕਿਹਾ ਗਿਆ ਹੈ ਸਿਵਲ ਸਰਜਨ ਡਾਕਟਰ ਰਿਚਾ ਭਾਟੀਆ ਨੇ ਦੱਸਿਆ ਕਿ ਠੰਡ ਵਿੱਚ ਆਪਣੀ ਖੁਰਾਕ ਵਿੱਚ ਵੀ ਗਰਮ ਚੀਜਾਂ ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਮੌਸਮ ਵਿੱਚ ਗਰਮ ਕੱਪੜੇ ਦੋ ਜਾਂ ਤਿੰਨ ਪਰਤਾਂ ਵਿੱਚ ਪਾਏ ਜਾਣ ਤਾਂ ਜੋ ਸ਼ਰੀਰ ਦਾ ਤਾਪਮਾਨ ਨਾਰਮਲ ਬਣਿਆ ਰਹੇ। ਸ਼ਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜੇ-ਥੋੜੇ ਸਮੇਂ ਜਾਂ ਲੋੜ ਅਨੁਸਾਰ ਕੋਸਾ ਜਾਂ ਗਰਮ ਗੁਨਗੁਨਾ ਪਾਣੀ ਪੀਤਾ ਜਾਵੇ, ਸੰਤੁਲਿਤ ਖੁਰਾਕ ਦਾ ਸੇਵਨ ਕੀਤਾ ਜਾਵੇ। ਉਹਨਾਂ ਕਿਹਾ ਕਿ ਸਰਦੀ ਲੱਗਣ ਨਾਲ ਆਮ ਤੌਰ ਤੇ ਫ਼ਲੂ ਹੋ ਜਾਂਦਾ ਹੈ ਠੰਡ ਵਿਚ ਕੰਬਣੀ ਆਉਣ ਨੂੰ ਵੀ ਨਜਰਅੰਦਾਜ ਨਾ ਕੀਤਾ ਜਾਵੇ। ਜੇਕਰ ਕੋਈ ਅਜਿਹਾ ਲੱਛਣ ਦਿਖਾਈ ਦਿੰਦਾ ਹੈ ਤਾਂ ਨੇੜੇ ਦੀ ਸਿਹਤ ਸੰਸਥਾ ਵਿੱਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ
