ਪ੍ਰਮੁੱਖ ਖਬਰਾਂ

ਪੱਤਰਕਾਰ, ਲੇਖਕ ਪ੍ਰੀਤ ਕੌਰ ਪ੍ਰੀਤੀ ਦੇ ਜੀਵਨ ਤੇ ਇੱਕ ਨਿੱੱਕੀ ਜਿਹੀ ਝਾਤ

ਪੱਤਰਕਾਰ, ਲੇਖਕ ਪ੍ਰੀਤ ਕੌਰ ਪ੍ਰੀਤੀ ਦੇ ਜੀਵਨ ਤੇ ਇੱਕ ਨਿੱੱਕੀ ਜਿਹੀ ਝਾਤ

ਫਗਵਾੜਾ- 4 ਜਨਵਰੀ : (ਸੁਸ਼ੀਲ ਸ਼ਰਮਾ )
ਕਹਿੰਦੇ ਨੇ ਕਈ ਵਾਰ ਵਕਤ ਅਤੇ ਦਵਾ ਵੀ ਇਨਸਾਨ ਦੇ ਗਹਿਰੇ ਤੋਂ ਗਹਿਰੇ ਜ਼ਖ਼ਮ ਭਰਨ ਵਿੱਚ ਅਸਮਰੱਥ ਹੋ ਜਾਂਦੇ ਹਨ। ਪਰ ਉਹਨਾਂ ਜ਼ਖਮਾਂ ਨੂੰ ਕਲਮ ਰਾਹੀਂ ਨਿਕਲੀ ਸ਼ਬਦਾਂ ਦੀ ਮਰਹਮ ਛੇਤੀ ਪੂਰ ਦਿੰਦੀ ਹੈ। ਅਜਿਹੀ ਹੀ ਇੱਕ ਲੇਖਕ ਕਵਿੱਤਰੀ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਸਨੇ ਸ਼ਾਇਦ ਉਮਰ ਤੋਂ ਵੱਡੇ ਦੁਖ ਹੰਢਾਏ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗੁਰਪ੍ਰੀਤ ਕੌਰ ਪ੍ਰੀਤ ਦੀ । ਜਿਸਦਾ ( ਸਾਹਿਤਕ ਨਾਂ ਪ੍ਰੀਤ ਕੌਰ ਪ੍ਰੀਤੀ) ਹੈ। ਪ੍ਰੀਤ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਰਲਾ ਕਿੰਗਰਾ, ਨੇੜੇ ਟੀ ਵੀ ਟਾਵਰ ਵਿਖੇ 22 ਨਵੰਬਰ 1993 ਨੂੰ ਸਵ. ਸ. ਪਰਮਜੀਤ ਸਿੰਘ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਇੱਕ ਗੁਰਸਿੱਖ ਪਰਿਵਾਰ ਵਿੱਚ ਹੋਇਆ। ਇੱਕ ਭੈਣ ਤੇ ਦੋ ਭਰਾਵਾਂ  ਦੀ ਭੈਣ ਪ੍ਰੀਤ ਕੌਰ ਦੀ ਪਰਵਰਿਸ਼ ਇੱਕ ਸਾਂਝੇ ਪਰਿਵਾਰ ਵਿਚ ਹੋਈ। ਪਿਤਾ ਜੀ  ਕੰਮ ਦੌਰਾਨ ਗੰਭੀਰ ਸੱਟ ਲੱਗਣ ਕਾਰਨ ਬਹੁਤ ਸਾਲ ਬੀਮਾਰ ਰਹਿਣ ਪਿੱਛੋਂ 2008 ਵਿੱਚ ਅਕਾਲ ਚਲਾਣਾ ਕਰ ਗਏ। ਉਸ ਸਮੇਂ ਪ੍ਰੀਤ ਮਹਿਜ਼ 13 ਸਾਲ ਦੀ ਸੀ। ਵੱਡੇ ਵੀਰ ਦੀ ਉਮਰ 16 ਸਾਲ ਦੀ ਸੀ।ਪਰ  ਸਾਰੀ ਜ਼ਿੰਮੇਵਾਰੀ ਉਹਨਾਂ ਉੱਤੇ ਆਣ ਪਈ। ਜੋ ਪਰਿਵਾਰਕ ਜ਼ਿੰਮੇਵਾਰੀਆਂ ਦੇ ਚੱਲਦਿਆਂ ਆਪਣੀ ਪੜਾਈ ਵੀ ਪੂਰੀ ਨਾ ਕਰ ਸਕਿਆ। ਪ੍ਰੀਤ ਨੇ ਦੱਸਿਆ ਕਿ ਉਸਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ ਅਤੇ ਉਹ  ਪੜਨ ਵਿੱਚ ਬਹੁਤ ਤੇਜ਼ ਸੀ ਪਰ ਪਰਿਵਾਰ ਦੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਸਿਰਫ਼ ਬਾਰਵੀਂ ਜਮਾਤ ਤੱਕ ਹੀ ਪੜਾਈ  ਕਰ ਸਕੀ । ਪਰ ਪੰਜਾਬੀ ਸਾਹਿਤ ਪ੍ਰਤੀ ਲਗਨ ਪ੍ਰੀਤ ਨੂੰ ਬਚਪਨ ਤੋਂ ਹੀ ਸੀ। ਗੁਰਸਿੱਖ ਪਰਿਵਾਰ ਵਿੱਚ ਜਨਮੇ ਕਾਰਨ ਦਾਦੀ ਦਾਦਿਆਂ ਤੋਂ ਸੁਣੀਆਂ ਸਾਖੀਆਂ ਦਿਲ ਵਿੱਚ ਆਪਣੀ ਛਾਪ ਛੱਡ ਚੁੱਕੀਆਂ ਸਨ। ਜਿਸ ਕਾਰਨ ਹਮੇਸ਼ਾ ਉਸਦੀ ਰੁਚੀ ਸਾਹਿਤ ਅਤੇ ਗੁਰ ਇਤਿਹਾਸ ਪੜਨ ਲਈ ਪ੍ਰਬਲ ਰਹੀ। ਇਸੇ ਲਈ ਬਚਪਨ ਤੋਂ ਹੀ ਪ੍ਰੀਤ ਨੂੰ ਲਿਖਣ ਦੀ ਚੇਟਕ ਲੱਗੀ ਅਤੇ ਅਕਸਰ ਉਸਦੀਆਂ ਕਵਿਤਾਵਾਂ ਸਕੂਲ ਦੇ ਮੈਗਜ਼ੀਨ ਵਿੱਚ ਛਪਦੀਆਂ ਰਹਿੰਦੀਆਂ ਸਨ।  ਕਈ ਵਾਰ ਸਕੂਲ ਟਾਈਮ ਉਸਦੀਆਂ ਰਚਨਾਵਾਂ ਅਜੀਤ ਅਤੇ ਜਗਬਾਣੀ ਅਖ਼ਬਾਰ ਵਿੱਚ ਵੀ ਛਪੀਆਂ ਹਨ। ਬੇਸ਼ੱਕ ਆਰਥਿਕ ਪੱਖੋਂ ਕਮਜ਼ੋਰ ਸੀ ਫੇਰ ਵੀ ਜ਼ਿੰਦਗੀ ਘਰ ਪਰਿਵਾਰ ਨਾਲ ਬਹੁਤ ਵਧੀਆ ਬੀਤ ਰਹੀ ਸੀ ਕਿ ਅਚਾਨਕ 2019 ਵਿੱਚ ਪ੍ਰੀਤ ਦੀ ਜ਼ਿੰਦਗੀ ਵਿਚ ਅਜਿਹਾ ਖੌਫਨਾਕ ਤੂਫ਼ਾਨ ਆਇਆ ਕਿ ਜਿਸਨੇ ਪ੍ਰੀਤ ਦੀ ਪੂਰੀ ਜ਼ਿੰਦਗੀ ਨੂੰ ਤਹਿਸ ਨਹਿਸ ਕਰ ਕੇ ਰੱਖ ਦਿੱਤਾ। ਜਿਸਦਾ ਅਸਰ ਉਸਦੇ ਪਰਿਵਾਰ ਉੱਤੇ ਵੀ ਬਹੁਤ ਬੁਰਾ ਪਿਆ। ਉਸ ਸਮੇਂ ਪ੍ਰੀਤ ਨੂੰ ਸਭ ਦਾ ਸਾਥ ਮਿਲਿਆ ਪਰ ਉਹਨਾਂ ਦਿਨਾਂ ਵਿੱਚ ਆਪਣਾ ਸਭ ਕੁਝ ਗੁਆ ਚੁੱਕੀ ਪ੍ਰੀਤ ਨੂੰ ਸਭ ਦੇ ਸਾਥ ਦੇ ਬਾਵਜੂਦ ਵੀ  ਹਮੇਸ਼ਾ ਇੱਕਲੇਪਣ ਦਾ ਸੰਤਾਪ ਝੱਲਣਾ ਪਿਆ। ਜਿਸ ਦੇ ਫਲਸਰੂਪ ਪ੍ਰੀਤ ਦੀ ਪੜ੍ਹਨ ਵਿਚ ਦਿਲਚਸਪੀ ਵੱਧ ਗਈ ਅਤੇ ਇਸੇ ਇੱਕਲੇਪਣ ਵਿਚ ਹੀ ਪ੍ਰੀਤ ਨੇ ਆਪਣੀ ਜ਼ਿੰਦਗੀ ਲੇਖਣੀ ਪ੍ਰਤੀ ਹੋਰ ਵੀ ਸਖਸ਼ਮ ਕਰ ਲਈ ਅਤੇ ਜ਼ਿੰਦਗੀ ਦੇ ਉਤਾਰ ਚੜ੍ਹਾਅ ਤੋਂ ਉਭਰਨ ਲਈ ਪੱਤਰਕਾਰੀ ਦਾ ਰਾਹ ਚੁਣਿਆ। ਪ੍ਰੀਤ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਫ਼ਨਾ ਸੀ ਪੱਤਰਕਾਰ ਬਣਨ ਦਾ। ਨਿੱਤ ਅਖਬਾਰਾਂ ਵਿੱਚ ਛਪੀਆਂ ਖਬਰਾਂ ਦੀ ਘੋਖ ਪੜਤਾਲ ਕਰਦਿਆਂ  ਪੱਤਰਕਾਰੀ ਦਾ ਸ਼ੌਂਕ ਦੁਬਾਰਾ ਜਾਗ ਪਿਆ। ਉਤਸੁਕਤਾ ਵੱਧਦੀ ਗਈ  ਤੇ ਪੱਤਰਕਾਰੀ ਦਾ ਸਫਰ ਸ਼ੁਰੂ ਹੋਇਆ। ਜਲੰਧਰ ਵਿੱਚ ਪੱਤਰਕਾਰੀ ਸਿਰਫ਼ ਸਾਲ ਕੁ ਹੀ ਕੀਤੀ। ਇਸੇ ਦੌਰਾਨ ਉਸ ਦਾ ਵਿਆਹ ਇੱਕ ਗੁਰਸਿੱਖ ਪਰਿਵਾਰ ਵਿੱਚ ਸ.  ਸਿਮਰਨਜੀਤ ਸਿੰਘ ਦੇ ਨਾਲ  ਫਗਵਾੜਾ ਵਿਖੇ ਹੋਇਆ। ਉਸਦੇ ਸਹੁਰਾ ਪਰਿਵਾਰ ਵਲੋਂ ਵੀ ਉਸਦੀ ਲੇਖਣੀ ਅਤੇ ਪੱਤਰਕਾਰੀ ਨੂੰ ਸਮਰਥਨ ਦਿੱਤਾ ਗਿਆ।ਉਸਦਿ ਵਿਵਾਹਿਕ ਜੀਵਨ ਵੀ ਸਫਲ ਚੱਲ ਰਿਹਾ ਹੈ।ਹੁਣ ਫਗਵਾੜਾ ਵਿੱਚ ਵੀ ਪ੍ਰੀਤ ਦੀ ਪੱਤਰਕਾਰੀ ਸਫਲਤਾ ਦੇ ਨਾਲ ਚੱਲ ਰਹੀ ਹੈ। ਸਾਹਿਤਕ ਖੇਤਰ ਵਿਚ ਪ੍ਰੀਤ ਹੁਣ ਤੱਕ ਚਾਰ ਹਜ਼ਾਰ ਤੋਂ ਵੱਧ ਲੋਕਾਂ ਨਾਲ ਜੁੜੀ ਹੋਈ ਹੈ। ਅਤੇ ਸਾਹਿਤਕ ਖੇਤਰ ਵਿਚ ਹੋਰ ਵਧੇਰੇ ਲੋਕਾਂ ਨਾਲ ਜੁੜਨ ਲਈ ਯਤਨ ਜਾਰੀ ਹਨ। ਪ੍ਰੀਤ ਹੁਣ ਤੱਕ ਕਾਫੀ ਆਨਲਾਈਨ, ਈ ਪ੍ਰਤਿਕਾ ਅਤੇ ਅਜੀਤ, ਜਗਬਾਣੀ ਅਖ਼ਬਾਰ ਵਿੱਚ ਛੱਪ ਚੁੱਕੀ ਹੈ। ਪ੍ਰੀਤ ਵਿਰਸਾ ਈ-ਪਤ੍ਰਿਕਾ ਦੀ ਸਹਿ ਸੰਪਾਦਕ ਰਹਿ ਚੁੱਕੀ ਹੈ। ਆਪਣਾ ਖੁੱਦ ਦਾ ਮੈਗਜ਼ੀਨ ਜ਼ਿੰਦਗੀ ਜ਼ਿੰਦਾਬਾਦ ਚਲਾ ਰਹੀ ਹੈ। ਪ੍ਰੀਤ ਹੁਣ ਤੱਕ ਅੱਠ ਸਾਂਝੇ ਕਾਵਿ ਸੰਗ੍ਰਹਿ   ਦਾ ਹਿੱਸਾ ਰਹਿ ਚੁੱਕੀ ਹੈ। ਜਿਹਨਾਂ ਵਿੱਚੋਂ ਛੇ ਪੰਜਾਬੀ ਅਤੇ ਦੋ ਹਿੰਦੀ ਕਾਵਿ ਸੰਗ੍ਰਹਿ ਹਨ। ਜਿਹਨਾਂ ਵਿੱਚੋਂ ਪੰਜਾਬੀ ਜੀਵਨ ਜੋਤੀ, ਮੈਂ ਨੂਰ ਹਾਂ, ਸੱਧਰਾਂ ਦਾ ਅੰਬਰ ,ਸਾਂਝੀ ਧਰਤੀ ਸਾਂਝਾ ਅੰਬਰ ,ਨੂਰ ਦੀ ਦੁਨੀਆਂ, ਗਿਰਿਆ ਹੋਇਆ ਅੰਬਰ ਹਨ । ਇਸ ਤੋਂ ਇਲਾਵਾ ਪ੍ਰੀਤ ਸਮਾਜਿਕ ਮੁੱਦਿਆ ਤੇ ਇਤਿਹਾਸ ਦੇ ਵਿਸ਼ਿਆਂ ਤੇ ਹੁਣ ਤੱਕ 40 ਤੋਂ ਵੱਧ ਆਰਟੀਕਲ ਲਿਖ ਚੁੱਕੀ ਹੈ। ਪ੍ਰੀਤ ਨੇ ਦੱਸਿਆ ਕਿ ਉਸ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਬਹੁਤ ਪਿਆਰ ਹੈ।  ਇਸ ਲਈ ਉਹ ਆਪਣੇ ਘਰ ਵਿਚ ਵੀ ਸਭ ਨੂੰ ਵੱਧ ਤੋਂ ਵੱਧ ਪੰਜਾਬੀ ਵਿੱਚ ਗੱਲ ਕਰਨ ਲਈ ਪ੍ਰੇਰਦੀ ਹੈ। ਧਰਮ ਪ੍ਰਪੱਕਤਾ ਵਾਲੀ ਪ੍ਰੀਤ ਅਕਸਰ ਇਤਿਹਾਸਕ ਮੁੱਦਿਆਂ ਤੇ ਜਾਣਕਾਰੀ ਇੱਕਠੀ ਕਰਦੀ ਰਹਿੰਦੀ ਹੈ। ਪ੍ਰੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨਾਲ ਜੁੜੀ ਹੋਈ ਹੈ। ਅਤੇ ਅਕਸਰ ਹੀ ਸਾਰੇ ਸਾਹਿਤਿਕ ਸਮਾਗਮ ਵਿੱਚ ਸ਼ਮੂਲੀਅਤ ਰੱਖਦੀ ਹੈ। ਅਤੇ ਕੁਝ ਨਵਾਂ ਸਿੱਖਣ ਦੀ ਚਾਹ ਰੱਖਦੀ ਹੈ। ਪ੍ਰੀਤ ਨੂੰ ਉਸਦੀ ਲੇਖਣੀ ਲਈ ਉਸਦੇ ਕੰਮ ਲਈ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਅਤੇ ਸਕੂਲ ਕਾਲਜਾਂ ਦੇ ਸਲਾਨਾ ਸਮਾਗਮ ਵਲੋਂ ਉਸ ਨੂੰ ਸਨਮਾਨ ਪ੍ਰਾਪਤ ਹੋ ਚੁੱਕੇ ਹਨ।
ਸਭ ਤੋਂ ਵੱਡਾ ਸਨਮਾਨ ਉਹ ਚੰਡੀਗੜ੍ਹ ਤੋਂ ਭਾਈ ਦਿੱਤ ਸਿੰਘ ਪਤ੍ਰਿਕਾ
 ਵਿੱਚ ਛਪੀ ਆਪਣੀ, ਪ੍ਰਿੰਸੀਪਲ ਨਸੀਬ ਵਿੱਚ ਸੇਵਕ ਵਲੋਂ ਛਾਪੀ ਉਸਦੀ  ਇੰਟਰਵਿਊ ਨੂੰ ਮੰਨਦੀ ਹੈ।
 ਪ੍ਰੀਤ ਮੌਜੂਦਾ ਸਮੇਂ ਵਿਚ ਨਿਊਜ਼ ਚੈਨਲ ਨਾਭਾ ਟੀ ਵੀ ਵਿੱਚ ਬਤੌਰ ਐਂਕਰ ਤੇ ਪੱਤਰਕਾਰ ਡਿਊਟੀ ਨਿਭਾ ਰਹੀ ਹੈ। ਆਸ ਕਰਦੇ ਹਾਂ ਕਿ ਪਰਮਾਤਮਾ ਪ੍ਰੀਤ ਦੀ ਕਲਮ ਨੂੰ ਤਰੱਕੀਆਂ ਬਖਸ਼ਿਸ਼ ਕਰਨ ਅਤੇ ਇਸੇ ਤਰ੍ਹਾਂ ਆਪਣੇ ਕੰਮ ਪ੍ਰਤੀ ਪ੍ਰੀਤ ਪਰਿਪੱਕਤਾ ਨਾਲ ਜ਼ਿੰਮੇਵਾਰੀ ਨਿਭਾਉਂਦੀ ਰਹੇ ।

Related Articles

Leave a Reply

Your email address will not be published. Required fields are marked *

Back to top button