ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਵਿਸ਼ਵ ਵੈਟਲੈਂਡ ਦਿਵਸ ਮੌਕੇ ਕਰਵਾਈ ਜਲਗਾਹਾਂ ਦੀ ਸੈਰ
ਆਰਿਆ ਮਾਡਲ ਸਕੂਲ ਤੇ ਸ਼ਾਲਨੀ ਗਰੁਪ ਦਾ ਰਿਹਾ ਸਹਿ
ਫਗਵਾੜਾ 4 ਫਰਵਰੀ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਵਿਸ਼ਵ ਵੈਟਲੈਂਡ ਦਿਵਸ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਦੇ ਨਿਰਦੇਸ਼ਾਂ ਅਨੁਸਾਰ ਸਕੱਤਰ ਮਲਕੀਤ ਸਿੰਘ ਰਘਬੋਤਰਾ ਦੀ ਅਗਵਾਈ ਅਤੇ ਆਰਿਆ ਮਾਡਲ ਸੀਨੀਅਰ ਸੈਕੇਂਡਰੀ ਸਕੂਲ ਤੇ ਸ਼ਾਲਨੀ ਗਰੁੱਪ ਦੇ ਸਹਿਯੋਗ ਨਾਲ ਮਨਾਇਆ। ਇਸ ਦੌਰਾਨ ਵਿਦਿਆਰਥੀਆਂ ਨੂੰ ਕਾਂਜਲੀ ਵੈਟਲੈਂਡ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਜੈਵਿਕ ਵਿਭਿੰਨਤਾ ਬਗੀਚੇ ਦੀ ਸੈਰ ਕਰਵਾਈ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ 8 ਏਕੜ ਜਗ੍ਹਾ ‘ਚ ਬਣਾਏ ਗਏ ਜੈਵਿਕ ਵਿਭਿੰਨਤਾ ਬਗੀਚੇ ਵਿਚ ਵੱਖ-ਵੱਖ ਕਿਸਮਾਂ ਦੇ ਫਲ, ਫੁੱਲ ਅਤੇ ਦਰਖ਼ਤਾਂ ਤੋਂ ਇਲਾਵਾ ਕੁਦਰਤੀ ਜਲਗਾਹਾਂ, ਜਿਹਨਾਂ ਵਿਚ ਵਿਚਰਦੇ ਵੱਖ-ਵੱਖ ਕਿਸਮਾਂ ਦੇ ਪੰਛੀ ਤੇ ਕੀੜੇ-ਮਕੌੜੇ ਜਿੱਥੇ ਵਾਤਾਵਰਣ ਨੂੰ ਖੂਬਸੂਰਤ ਬਣਾਉਂਦੀਆਂ ਹਨ, ਉੱਥੇ ਹੀ ਜੈਵਿਕ ਵਿਭਿੰਨਤਾ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦੇ ਹਨ। ਵਿਦਿਆਰਥੀਆਂ ਲਈ ਇਹ ਤਜ਼ੁਰਬਾ ਬਹੁਤ ਹੀ ਗਿਆਨ ਭਰਪੂਰ ਰਿਹਾ। ਇਸ ਦੌਰਾਨ ਮਾਸਟਰ ਗੁਰਮੀਤ ਸਿੰਘ ਨੈਸ਼ਨਲ ਅਵਾਰਡੀ ਨੇ ਜਲਗਾਹਾਂ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਜਲਗਾਹਾਂ ਰਾਹੀਂ ਧਰਤੀ ਆਪਣੇ ਅੰਦਰ ਪਾਣੀ ਸੋਖਦੀ ਹੈ। ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੁੰਦਾ ਹੈ ਤੇ ਪਾਣੀ ਕੁਦਰਤੀ ਤੌਰ ਤੇ ਸਾਫ ਹੋ ਜਾਂਦਾ ਹੈ। ਉਹਨਾਂ ਪਿੰਡਾਂ ਵਿਚਲੇ ਪੂਰ ਦਿੱਤੇ ਗਏ ਛੱਪੜਾਂ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਵੀ ਸਰਕਾਰ ਤੋਂ ਕੀਤੀ। ਅਖੀਰ ਵਿਚ ਕ੍ਰਿਸ਼ਨ ਕੁਮਾਰ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਰੂਪ ਲਾਲ, ਏ.ਪੀ. ਕੋਛੜ, ਮੋਨਿਕਾ, ਆਂਚਲ ਆਦਿ ਹਾਜਰ ਸਨ।
ਤਸਵੀਰ ਸਮੇਤ।