ਸਥਾਨਕ ਖਬਰ

ਪਿਛਲੇ 20 ਸਾਲਾਂ ਤੋਂ ਲੋੜਵੰਦਾਂ ਦੀ ਸੇਵਾ ਨੂੰ ਇਬਾਦਤ ਮੰਨਦੇ ਹਨ ਲਾਇਨ ਗੁਰਦੀਪ ਸਿੰਘ ਕੰਗ

ਹਰ ਮਹੀਨੇ 20 ਲੋੜਵੰਦ ਪਰਿਵਾਰਾਂ ਨੂੰ ਵੰਡਦੇ ਹਨ ਰਾਸ਼ਨ

ਫ਼ਗਵਾੜਾ 19 ਮਾਰਚ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਗੁਰਦੀਪ ਸਿੰਘ ਕੰਗ ਨੂੰ ਕਿਸੇ ਖਾਸ ਜਾਣ-ਪਛਾਣ ਦੀ ਲੋੜ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਦੇ ਪ੍ਰਧਾਨ ਹੋਣ ਦੇ ਨਾਤੇ,ਲੋੜਵੰਦਾਂ ਦੀ ਸੇਵਾ ‘ਚ ਰੁੱਝੇ ਰਹਿਣਾ ਉਹਨਾਂ ਦੀ ਰੋਜਾਨਾ ਦੀ ਰੁਟੀਨ ਹੈ। ਜਿਸ ਕਰਕੇ ਉਹਨਾਂ ਦੀ ਚਰਚਾ ਸ਼ਹਿਰ ਦੀ ਹਰ ਜ਼ੁਬਾਨ ’ਤੇ ਅਕਸਰ ਬਣੀ ਰਹਿੰਦੀ ਹੈ। ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਅਤੇ ਐਮ.ਜੇ.ਐਫ.ਮੈਂਬਰ ਦੇ ਤੌਰ ’ਤੇ ਉਹਨਾਂ ਨੇ ਲਾਇਨਜ਼ ਕਲੱਬ ਦੀਆਂ ਅਨੇਕਾਂ ਸ਼ਾਖਾਵਾਂ ਵੀ ਸਥਾਪਿਤ ਕੀਤੀਆਂ ਹਨ। ਇਸ ਤੋਂ ਇਲਾਵਾ, ਹਿਊਮਨ ਰਾਈਟਸ ਕੌਂਸਲ (ਇੰਡੀਆ) ਦੀ ਫਗਵਾੜਾ ਸ਼ਾਖਾ ਦੇ ਪ੍ਰਧਾਨ ਵਜੋਂ ਗੁਰਦੀਪ ਸਿੰਘ ਕੰਗ ਆਮ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਦੇ ਹਨ। ਉਹ ਬਾਬਾ ਬਾਲਕ ਨਾਥ ਸੇਵਾ ਸਮਿਤੀ ਦੇ ਪ੍ਰਧਾਨ ਵੀ ਹਨ ਅਤੇ ਹਰ ਮਹੀਨੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਗਰੀਬਾਂ ਦੀ ਭੁੱਖ ਮਿਟਾਉਣ ਦਾ ਕੰਮ ਕਰ ਰਹੇ ਹਨ। ਗੁਰਦੀਪ ਸਿੰਘ ਕੰਗ ਦੱਸਦੇ ਹਨ ਕਿ ਲਗਭਗ ਵੀਹ ਸਾਲ ਪਹਿਲਾਂ ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਸਮੇਂ ਸੜਕ ’ਤੇ ਬੇਹੋਸ਼ ਅਤੇ ਜ਼ਖਮੀ ਪਿਆ ਦੇਖ ਕੇ, ਇੱਕ ਗਰੀਬ ਰੇਹੜੀ ਵਾਲੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ। ਜਿਸ ਕਰਕੇ ਉਹਨਾਂ ਦੀ ਜਾਨ ਬੱਚ ਗਈ। ਉਦੋਂ ਤੋਂ ਹੀ, ਉਹਨਾਂ ਦੇ ਮਨ ਵਿੱਚ ਗਰੀਬਾਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਹੋਈ ਅਤੇ ਇਸਨੂੰ ਪ੍ਰੇਰਨਾ ਵਜੋਂ ਲੈ ਕੇ, ਉਹ ਹਰ ਸੰਭਵ ਤਰੀਕੇ ਨਾਲ ਲੋੜਵੰਦਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਾਬਾ ਬਾਲਕ ਨਾਥ ਜੀ ਦੇ ਪਰਮ ਭਗਤ ਗੁਰਦੀਪ ਸਿੰਘ ਕੰਗ ਅਨੁਸਾਰ, ਉਹ ਬਾਬਾ ਬਾਲਕ ਨਾਥ ਜੀ ਦੀ ਅਪਾਰ ਕਿਰਪਾ ਕਾਰਨ ਹੀ ਸਮਾਜ ਦੀ ਸੇਵਾ ਕਰ ਸਕੇ ਹਨ ਅਤੇ ਬਾਬਾ ਜੀ ਦੀ ਇੱਛਾ ਨਾਲ ਅੱਗੇ ਵੀ ਸੇਵਾ ਦੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ। ਗੁਰਦੀਪ ਸਿੰਘ ਕੰਗ ਦੇ ਹੋਰ ਜਿਕਰਯੋਗ ਕੰਮਾਂ ਵਿੱਚ 200 ਤੋਂ ਵੱਧ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡਣਾ,ਲੋੜਵੰਦ ਪਰਿਵਾਰਾਂ ਦੀਆਂ ਕੁੜੀਆਂ ਨੂੰ ਉਨ੍ਹਾਂ ਦੇ ਵਿਆਹ ਲਈ ਸ਼ਗਨ ਵਜੋਂ ਵਿੱਤੀ ਮੱਦਦ ਦੇਣਾ,ਬਿਮਾਰਾਂ ਲਈ ਦਵਾਈਆਂ ਦਾ ਪ੍ਰਬੰਧ ਕਰਨਾ ਆਦਿ ਸ਼ਾਮਲ ਹੈ। ਲੋਕ ਭਲਾਈ ਦੇ ਇਨ੍ਹਾਂ ਕੰਮਾਂ ਵਿੱਚ,ਉਨ੍ਹਾਂ ਨੂੰ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐਸ.ਪੀ.ਦਾ ਬਸਰਾ,ਸ਼ਿਵ ਸ਼ਕਤੀ ਮਾਤਾ ਮੰਦਰ ਜੋਸ਼ੀਆਂ ਮੁਹੱਲਾ ਦੇ ਪ੍ਰਧਾਨ ਸ਼੍ਰੀਮਤੀ ਚੰਚਲ ਸੇਠ,ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਅਤੇ ਸਮਾਜ ਸੇਵਕ ਵਿਨੇ ਕੁਮਾਰ ਬਿੱਟੂ ਤੇ ਸਤਵਿੰਦਰ ਸਿੰਘ ਭਾਮਰਾ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ। ਜਿੱਥੇ ਗੁਰਦੀਪ ਸਿੰਘ ਕੰਗ ਨੂੰ ਕਈ ਸਨਮਾਨ ਮਿਲੇ ਹਨ, ਉੱਥੇ ਹੀ ਕਈ ਬਾਲੀਵੁੱਡ ਹਸਤੀਆਂ ਨੇ ਵੀ ਉਨ੍ਹਾਂ ਦੀ ਸਮਾਜਿਕ ਭਾਵਨਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਫਗਵਾੜਾ ਦਾ ਹਰ ਸੂਝਵਾਨ ਵਿਅਕਤੀ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਗੁਰਦੀਪ ਸਿੰਘ ਕੰਗ ਨੂੰ ਲੰਬੀ ਉਮਰ ਬਖਸ਼ੇ ਤਾਂ ਜੋ ਉਹ ਲੋਕ ਸੇਵਾ ਦੇ ਖੇਤਰ ਵਿੱਚ ਉੱਚੇ ਆਦਰਸ਼ ਸਥਾਪਤ ਕਰਕੇ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਦੇ ਰਹਿਣ।

Related Articles

Leave a Reply

Your email address will not be published. Required fields are marked *

Back to top button