ਸਥਾਨਕ ਖਬਰ

ਸਿਹਤ ਵਿਭਾਗ ਗਰਮੀਆਂ ‘ਚ ਸਟਰੀਟ ਫੂਡ ਸਟਾਲਾਂ ਦੇ ਆਲੇ-ਦੁਆਲੇ ਸਫਾਈ ਪ੍ਰਬੰਧ ਯਕੀਨੀ ਬਣਾਏ : ਆਸ਼ੂ ਮਾਰਕੰਡਾ

ਕਾਰਪੋਰੇਸ਼ਨ ਤੋਂ ਕੀਤੀ ਡੰਪਾਂ ਦਾ ਕੂੜਾ ਨਿਯਮਿਤ ਤੌਰ ’ਤੇ ਚੁੱਕਣ ਦੀ ਮੰਗ

ਫਗਵਾੜਾ 28 ਅਪ੍ਰੈਲ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਹਿਊਮਨ ਰਾਈਟਸ ਕੌਂਸਲ (ਇੰਡੀਆ) ਨੇ ਸਿਹਤ ਵਿਭਾਗ ਫਗਵਾੜਾ ਅਤੇ ਕਾਰਪੋਰੇਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ‘ਚ ਸਫਾਈ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਪ੍ਰਦੂਸ਼ਿਤ ਵਾਤਾਵਰਣ ਜਾਂ ਸੜਕਾਂ ਅਤੇ ਚੌਰਾਹਿਆਂ ’ਤੇ ਵਿਕਣ ਵਾਲੇ ਦੂਸ਼ਿਤ ਸਟਰੀਟ ਫੂਡ ਕਾਰਨ ਸਿਹਤ ਸੰਬੰਧੀ ਕੋਈ ਸਮੱਸਿਆ ਨਾ ਆਵੇ। ਅੱਜ ਇੱਥੇ ਗੱਲਬਾਤ ਕਰਦਿਆਂ ਕੌਂਸਲ ਦੇ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਨਿਗਮ ਤੋਂ ਮੰਗ ਕੀਤੀ ਕਿ ਅਸਥਾਈ ਡੰਪਾਂ ਤੋਂ ਨਿਯਮਿਤ ਤੌਰ ’ਤੇ ਕੂੜਾ ਚੁੱਕਿਆ ਜਾਵੇ ਤਾਂ ਜੋ ਵਾਤਾਵਰਣ ਸਾਫ਼ ਰਹੇ। ਇਸ ਤੋਂ ਇਲਾਵਾ ਉਨ੍ਹਾਂ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਸਟਰੀਟ ਫੂਡ ਸਟਾਲਾਂ ਦੀ ਸਫਾਈ ਦੀ ਜਾਂਚ ਕੀਤੀ ਜਾਵੇ। ਕਿਉਂਕਿ ਕਈ ਥਾਵਾਂ ’ਤੇ ਖਾਣ-ਪੀਣ ਦੇ ਸਟਾਲਾਂ ਦੇ ਆਲੇ-ਦੁਆਲੇ ਗੰਦਗੀ ਬਣੀ ਰਹਿੰਦੀ ਹੈ। ਬਰਤਨ ਵੀ ਸਾਫ਼ ਸੁਥਰੇ ਪਾਣੀ ‘ਚ ਨਹੀਂ ਧੋਤੇ ਜਾਂਦੇ। ਆਲੇ-ਦੁਆਲੇ ਮੱਖੀਆਂ ਅਤੇ ਮੱਛਰਾਂ ਦੀ ਵੀ ਭਰਮਾਰ ਰਹਿੰਦੀ ਹੈ। ਖਾਣਾ ਢੱਕ ਕੇ ਨਹੀਂ ਰੱਖਿਆ ਜਾਂਦਾ। ਜਿਸ ਕਾਰਨ ਲੋਕ ਬਿਮਾਰ ਹੋ ਸਕਦੇ ਹਨ। ਉਨ੍ਹਾਂ ਦੁਕਾਨਾਂ ਵਿੱਚ ਵਿਕਣ ਵਾਲੇ ਪੈਕ ਕੀਤੇ ਸਮਾਨ ਦੀ ਮਿਆਦ ਦੀ ਜਾਂਚ ਅਤੇ ਮਿਲਾਵਟੀ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਆਸ਼ੂ ਮਾਰਕੰਡਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਫੂਡ ਪੋਇਜ਼ਨਿੰਗ ਤੋਂ ਬਚਣ ਲਈ, ਸਟਰੀਟ ਫੂਡ ਖਾਂਦੇ ਸਮੇਂ ਇਹ ਜਾਂਚ ਜਰੂਰ ਕਰਨ ਕਿ ਪਰੋਸਿਆ ਜਾ ਰਿਹਾ ਖਾਣਾ ਢੱਕ ਰੱਖਿਆ ਗਿਆ ਸੀ ਜਾਂ ਨਹੀਂ। ਗਰਮੀਆਂ ਵਿੱਚ ਮਸਾਲੇਦਾਰ ਜਾਂ ਤਲੇ ਹੋਏ ਭੋਜਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਰਸੋਈ ਦੀ ਸਫ਼ਾਈ ਦਾ ਵੀ ਧਿਆਨ ਰੱਖਿਆ ਜਾਵੇ। ਸਟਾਲਾਂ ’ਤੇ ਖਾਣਾ ਖਾਂਦੇ ਸਮੇਂ ਡਿਸਪੋਜ਼ੇਬਲ ਭਾਂਡਿਆਂ ਦੀ ਵਰਤੋਂ ਕਰਨਾ ਬਿਹਤਰ ਰਹਿੰਦਾ ਹੈ। ਸਟਾਲ ਦੇ ਆਲੇ-ਦੁਆਲੇ ਮੱਖੀਆਂ, ਮੱਛਰ ਜਾਂ ਕੀੜੇ-ਮਕੌੜਿਆਂ ਦਾ ਕੋਈ ਵਾਤਾਵਰਣ ਨਾ ਹੋਵੇ। ਇਹ ਵੀ ਧਿਆਨ ਵਿੱਚ ਰੱਖਿਆ ਜਾਵੇ ਕਿ ਸੜਕ ਕਿਨਾਰੇ ਸਾਮਾਨ ਵੇਚਣ ਵਾਲੇ ਸਾਫ਼ ਪਾਣੀ ਦੀ ਵਰਤੋਂ ਕਰ ਰਹੇ ਹਨ ਜਾਂ ਨਹੀਂ। ਤਾਜ਼ਾ ਅਤੇ ਸਾਫ਼ ਭੋਜਨ ਦਾ ਹੀ ਸੇਵਨ ਕੀਤਾ ਜਾਵੇ। ਡੱਬਾ ਬੰਦ ਭੋਜਨ ਦੀ ਮਿਆਦ ਪੁੱਗਣ ਦੀ ਮਿਤੀ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾਲ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਬੈਕਟੀਰੀਆ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ।
ਤਸਵੀਰ – ਆਸ਼ੂ ਮਾਰਕੰਡਾ।

Related Articles

Leave a Reply

Your email address will not be published. Required fields are marked *

Back to top button