ਸਥਾਨਕ ਖਬਰ
ਸਰਬ ਨੌਜਵਾਨ ਸਭਾ ਵਲੋਂ ਰੋਗੀਆਂ ਹਿੱਤ ਚਲਾਈ ਜਾ ਰਹੀ ‘ਆਓ ਪੁੰਨ ਕਮਾਈਏ’ ਮੁਹਿਮ ਸ਼ਲਾਘਾਯੋਗ – ਸੰਤੋਸ਼ ਗੋਗੀ
* ਡਾ. ਤੁਸ਼ਾਰ ਹਸਪਤਾਲ ‘ਚ ਲੋੜਵੰਦ ਦੀ ਅੱਖ ਦਾ ਕਰਵਾਇਆ ਆਪ੍ਰੇਸ਼ਨ
- ਫਗਵਾੜਾ 23 ਜੂਨ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ‘ਆਓ ਪੁੰਨ ਕਮਾਈਏ’ ਲੜੀ ਤਹਿਤ ਇਕ ਹੋਰ ਲੋੜਵੰਦ ਦੀ ਅੱਖ ਦਾ ਫਰੀ ਓਪਰੇਸ਼ਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਆਰਥਕ ਸਹਿਯੋਗ ਸਦਕਾ ਡਾ. ਤੁਸ਼ਾਰ ਹਸਪਤਾਲ ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਨੇ ਬਜੁਰਗ ਗੁਰਚਰਨ ਸਿੰਘ ਦੀ ਅੱਖ ਦਾ ਸਫਲ ਆਪ੍ਰੇਸ਼ਨ ਕਰਦਿਆਂ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਕੱਤਰ ਅਤੇ ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਟਰੱਸਟੀ ਮੈਂਬਰ ਸੰਤੋਸ਼ ਕੁਮਾਰ ਗੋਗੀ ਤੋਂ ਇਲਾਵਾ ਸਮਾਜ ਸੇਵਕ ਸਵਰਨ ਸਿੰਘ (ਸਵਰਨ ਸਵੀਟਸ), ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਅਤੇ ਐਲ.ਪੀ.ਯੂ. ਤੋਂ ਮਬੁਤੁੰਗ ਮਾਰਕ ਬਿ੍ਰਨ (ਕੈਮਰੂਨ) ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਸਭਾ ਅਤੇ ਸੁਸਾਇਟੀ ਵਲੋਂ ਰੋਗੀਆਂ ਦੀ ਭਲਾਈ ਹਿੱਤ ਚਲਾਈ ਜਾ ਰਹੀ ‘ਆਓ ਪੁੰਨ ਕਮਾਈਏ’ ਮੁਹਿਮ ਨੂੰ ਸ਼ਲਾਘਾਯੋਗ ਉਪਰਾਲਾ ਦੱਸਿਆ। ਸੰਤੋਸ਼ ਗੋਗੀ ਨੇ ਕਿਹਾ ਕਿ ਇਸ ਨਾਲ ਆਰਥਕ ਤੌਰ ਤੇ ਕਮਜੋਰ ਪਰਿਵਾਰਾਂ ਦੀ ਵੱਡੀ ਮੱਦਦ ਹੁੰਦੀ ਹੈ। ਉਹਨਾਂ ਆਪਣੇ ਵਲੋਂ ਵੀ ਸਭਾ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਹਰੇਕ ਸਮਰੱਥ ਵਿਅਕਤੀ ਨੂੰ ਅਜਿਹੇ ਨੇਕ ਕਾਰਜਾਂ ਵਿਚ ਆਪਣਾ ਯੋਗਦਾਨ ਜਰੂਰ ਦੇਣਾ ਚਾਹੀਦਾ ਹੈ। ਇਸ ਦੌਰਾਨ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਖਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਅੱਜ ਦੀ ਡਿਜੀਟਲ ਦੁਨੀਆ ਅਤੇ ਮੋਬਾਇਲ ਫੋਨਾਂ ਦੇ ਦੌਰ ‘ਚ ਅੱਖਾਂ ਦੀ ਸੰਭਾਲ ਦਾ ਮਹੱਤਵ ਹੋਰ ਵੀ ਜਿਆਦਾ ਹੈ। ਅੱਖਾਂ ਦੀ ਕਿਸੇ ਤਕਲੀਫ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਹਨਾ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਸਭਾ ਅਤੇ ਸੁਸਾਇਟੀ ਨੂੰ ਸਹਿਯੋਗ ਕਰਦਾ ਰਹੇਗਾ। ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਸਿਰਫ ਵੱਧਦਾ ਪ੍ਰਦੂਸ਼ਨ ਅੱਖਾਂ ਲਈ ਘਾਤਕ ਨਹੀਂ ਸਗੋਂ ਮੋਬਾਇਲ ਦੀ ਵੱਧ ਵਰਤੋਂ ਵੀ ਹਾਨੀਕਾਰਕ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਪ੍ਰਦੂਸ਼ਨ ਮੁਕਤ ਵਾਤਾਵਰਣ ਸਿਰਜਣ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਸਵਰਨ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ ਮੋਬਾਇਲ ਫੋਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਬਜੁਰਗ ਗੁਰਚਰਨ ਸਿੰਘ ਦੀ ਅੱਖ ‘ਚ ਫੋਲਡੇਬਲ ਲੈਨਜ ਪਾਇਆ ਗਿਆ ਹੈ। ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ ਨੇ ਸਭਾ ਦੇ ਪ੍ਰੋਜੈਕਟਾਂ ਬਾਰੇ ਪਤਵੰਤਿਆਂ ਅਤੇ ਹਾਜਰੀਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਨਰਿੰਦਰ ਸੈਣੀ, ਗੁਰਦੀਪ ਸਿੰਘ ਤੁਲੀ ਕੋਆਰਡੀਨੇਟਰ ਵਪਾਰ ਸੈਲ ਫਗਵਾੜਾ, ਰਾਕੇਸ਼ ਕੋਛੜ, ਜੀਤ ਰਾਮ ਟਿੱਬੀ ਤੇ ਗੁਲਸ਼ਨ ਕਪੂਰ ਆਦਿ ਹਾਜ਼ਰ ਸਨ।
ਤਸਵੀਰ ਸਮੇਤ।