|| ਸੱਚੀ ਰੂਹ ਨੂੰ ਸਕੂਨ ਆ ਜਾਵੇ ||
ਚੜ ਗਿਆ ਹੈ ਮਹੀਨਾ ਇਹ,
ਮਨਮੋਹਣਾ ਸਾਉਣ ਦਾ।
ਖੁਸ਼ੀਆਂ ਤੇ ਚਾਵਾਂ ਨਾਲ,
ਤੀਆਂ ਤੀਜ ਨੂੰ ਮਨਾਉਣ ਦਾ।।
ਪੰਜਾਬਣ ਮੁਟਿਆਰਾਂ ਦੇ ਸੋਹਣੇ,
ਰੰਗ ਬਰੰਗੇ ਸੂਟ ਪਾਉਣ ਦਾ।
ਘਰਾਂ ਦੇ ਵਿੱਚ ਗੁਲਗੁਲੇ ਖੀਰ,
ਤੇ ਮਾਹਲ ਪੂੜ੍ਹੇ ਬਨ੍ਹਾਉਣ ਦਾ।।
ਸੱਜਰੀ ਵਿਆਹੀ ਦਾ ਵੇਲਾ ਆ ਗਿਆ,
ਆਪਣੇ ਪੇਕੇ ਫੇਰਾ ਪਾਉਣ ਦਾ।।
ਇੱਕਠੀਆਂ ਹੋ ਕੇ ਨਨਾਣ ਭਰਜਾਈ,
ਪਿੱਪਲੀ ਪੀਂਘਾਂ ਪਾਉਣ ਦਾ।।
ਸਖੀਆਂ ਸਹੇਲੀਆਂ ਨਾਲ ਰਲ ਮਿਲਕੇ,
ਬੋਲੀਆਂ ਟੱਪੇ ਪਾਉਣ ਦਾ।
ਤਾੜੀ ਮਾਰ ਕੇ ਨਾਲੇ ਨੱਚ ਨੱਚ ਕੇ,
ਪਿੜ ਵਿੱਚ ਰੌਣਕਾਂ ਲਾਉਣ ਦਾ।।
ਪਤਨੀ ਭਾਬੀ ਧੀ ਭੈਣ ਸੱਭ ਦਾ ਹੱਕ,
ਹੈ ਏਸ ਸੰਸਾਰ ਤੇ ਜਿਉਣ ਦਾ।
ਦੱਸ ਤੈਨੂੰ ਕਿਸ ਨੇ ਹੱਕ ਦਿੱਤਾ ਧੀ ਨੂੰ,
ਕੁੱਖ ਚ ਕਤਲ ਕਰਾਉਣ ਦਾ।।
ਦੱਸ ਤੈਨੂੰ ਕਿਸ ਨੇ ਹੱਕ ਦਿੱਤਾ ਨੂੰਹ ਨੂੰ,
ਅੱਗ ਚ ਜ਼ਿੰਦਾ ਜਲਾਉਣ ਦਾ।
ਤੇ ਭੈੜੀ ਦਾਜ ਦੀ ਲਾਲਚ ਅੱਗੇ ਸਮੁੱਚੀ,
ਮਨੁੱਖਤਾ ਦਾ ਸਿਰ ਝੁਕਾਉਣ ਦਾ।।
ਦੱਸ ਤੈਨੂੰ ਕਿਸ ਨੇ ਹੱਕ ਦਿੱਤਾ,
ਔਰਤ ਤੇ ਮਾੜੀ ਨਜ਼ਰ ਪਾਉਣ ਦਾ।
ਤੇ ਔਰਤਾਂ ਦੇ ਮਨਾਂ ਅੰਦਰ ਮਰਦਾਂ,
ਦੇ ਅਕਸ ਗਿਰਾਉਣ ਦਾ।।
ਮਹਿੰਦਰ ਸੂਦ ਵਿਰਕਾਂ ਵਾਲਿਆਂ ਨਜ਼ਾਰਾ,
ਆ ਜਾਵੇ ਤੀਆਂ ਤੀਜ ਮਨਾਉਣ ਦਾ।
ਜੇਕਰ ਔਰਤ ਨੂੰ ਵੀ ਹੱਕ ਮਿਲ ਜਾਵੇ ਖੁੱਲ੍ਹੇ,
ਆਕਾਸ਼ ਚ ਉਡਾਰੀ ਲਗਾਉਣ ਦਾ।।
ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
