ਸੰਸਾਰ

ਨੌਟਿੰਘਮ (ਯੂ.ਕੇ.) ਦੇ ਭਗਵਤੀ ਸ਼ਕਤੀ ਪੀਠ ਵਿਖੇ ਐਨ.ਆਰ.ਆਈ ਔਰਤਾਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

* ਪੁਰਾਤਨ ਪੰਜਾਬੀ ਪੇਂਡੂ ਜੀਵਨ ਸ਼ੈਲੀ ਦੀ ਪੇਸ਼ ਕੀਤੀ ਜੀਵੰਤ ਤਸਵੀਰ

ਫਗਵਾੜਾ-20 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ        ) ਇੰਗਲੈਂਡ ਦੀ ਧਰਤੀ ’ਤੇ ਵਸੇ ਭਾਰਤੀ ਪੰਜਾਬੀ ਭਾਈਚਾਰੇ ਵਿੱਚ ਆਪਣੀ ਮਾਤ ਭੂਮੀ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿੰਦੀਆਂ ਹਨ। ਵੱਡੀ ਗੱਲ ਇਹ ਹੈ ਕਿ ਪਿਛਲੀ ਪੀੜ੍ਹੀ ਨੇ ਪੱਛਮੀ ਸੱਭਿਅਤਾ ਵਿੱਚ ਜਨਮੇ ਆਪਣੇ ਬੱਚਿਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਹੈ। ਉੱਤਰੀ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਮਸ਼ਹੂਰ ਤੀਆਂ ਦਾ ਤਿਉਹਾਰ ਵੀ ਇਸੇ ਲੜੀ ਵਿੱਚ ਸ਼ਾਮਲ ਹੈ, ਜੋ ਹਰ ਸਾਲ ਐਨ.ਆਰ.ਆਈ ਔਰਤਾਂ ਆਪਣੇ ਨਿੱਜੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇੰਗਲੈਂਡ ਦੇ ਨੌਟਿੰਘਮ ਸ਼ਹਿਰ ਵਿੱਚ ਭਗਵਤੀ ਸ਼ਕਤੀ ਪੀਠ ਦੇ ਸਹਿਯੋਗ ਨਾਲ ਪੀਠ ਦੇ ਕਮਿਊਨਿਟੀ ਹਾਲ ਵਿੱਚ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਐਨ.ਆਰ.ਆਈ ਔਰਤਾਂ ਪਰਵੀਨ ਸ਼ਰਮਾ, ਰੀਟਾ ਸ਼ਰਮਾ, ਊਸ਼ਾ ਸੋਨੀ, ਰਾਜ ਸ਼ਰਮਾ, ਜਸਵੀਰ ਕੰਦੋਲਾ, ਇੰਦਰਜੀਤ ਕੌਰ, ਕੁਸਮ ਸੂਦ ਅਤੇ ਜਸਪਾਲ ਕੌਰ ਦੇ ਯਤਨਾਂ ਨਾਲ ਇਸ ਸਾਲ ਆਯੋਜਿਤ ਪ੍ਰੋਗਰਾਮ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਸੈਂਕੜੇ ਔਰਤਾਂ ਨੇ ਪੰਜਾਬ ਦੇ ਪਿੰਡਾਂ ਦੀ ਇੱਕ ਮਨਮੋਹਕ ਤਸਵੀਰ ਪੇਸ਼ ਕੀਤੀ। ਔਰਤਾਂ ਨੇ ਆਪਣੇ ਹੱਥਾਂ ’ਤੇ ਮਹਿੰਦੀ ਲਗਾਈ, ਚਰਖਾ ਕੱਤਿਆ, ਦੁੱਧ ਰਿੜਕਿਆ ਅਤੇ ਕਿੱਕਲੀ, ਗਿੱਧਾ ਅਤੇ ਬੋਲੀਆਂ ਰਾਹੀਂ ਪੰਜਾਬ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਪ੍ਰਬੰਧਕਾਂ ਨੇ ਔਰਤਾਂ ਨੂੰ ਵੰਗਾਂ ਅਤੇ ਪਰਾਂਦੇ ਭੇਟ ਕੀਤੇ। ਪ੍ਰੋਗਰਾਮ ਦੌਰਾਨ ਕਈ ਤਰ੍ਹਾਂ ਦੇ ਪਕਵਾਨ ਵੀ ਪਰੋਸੇ ਗਏ। ਅਖੀਰ ਵਿੱਚ ਪਰਵੀਨ ਸ਼ਰਮਾ ਅਤੇ ਰੀਟਾ ਸ਼ਰਮਾ ਨੇ ਭਗਵਤੀ ਸ਼ਕਤੀ ਪੀਠ ਦੇ ਚੇਅਰਮੈਨ ਅਨਿਲ ਰਣਦੇਵ, ਕੇਵਲ ਭੱਲਾ, ਗੌਰਵ ਸੋਨੀ ਅਤੇ ਲਖਵੀਰ ਸਿੰਘ ਟਿੰਕੂ ਦਾ ਸਹਿਯੋਗ ਲਈ ਖਾਸ ਤੌਰ ਤੇ ਧੰਨਵਾਦ ਕੀਤਾ। ਹਿਉਮਨ ਰਾਈਟਸ ਕੌਂਸਿਲ (ਇੰਡਿਆ) ਦੇ ਕਪੂਰਥਲਾ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਦੱਸਿਆ ਕਿ ਉਨ੍ਹਾਂ ਦੇ ਭੂਆ ਜੀ ਪਰਵੀਨ ਸ਼ਰਮਾ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਂਦੀ ਹੈ। ਉਹ ਕੌਂਸਲ ਦੁਆਰਾ ਆਯੋਜਿਤ ਸਮਾਜ ਸੇਵਾ ਗਤੀਵਿਧੀਆਂ ਵਿੱਚ ਹਮੇਸ਼ਾ ਵਢਮੁੱਲਾ ਸਹਿਯੋਗ ਵੀ ਦਿੰਦੇ ਹਨ।
ਤਸਵੀਰ – ਨੌਟੀਘਮ (ਇੰਗਲੈਂਡ) ਦੀ ਧਰਤੀ ਤੇ ਮਨਾਏ ਤੀਆਂ ਦੇ ਤਿਉਹਾਰ ਦੇ ਦ੍ਰਿਸ਼।

Leave a Reply

Your email address will not be published. Required fields are marked *

Back to top button