ਸਥਾਨਕ ਖਬਰ

ਅੱਖਾਂ ਦੇ ਫਰੀ ਆਪ੍ਰੇਸ਼ਨ ਕਰਵਾ ਕੇ ਅਸਲ ਪੁੰਨ ਖੱਟ ਰਹੀ ਸਰਬ ਨੌਜਵਾਨ ਸਭਾ – ਲੁਬਾਣਾ

ਬਿਰਧ ਹੰਸ ਰਾਜ ਦੀ ਅੱਖ ਦਾ ਹੋਇਆ ਫਰੀ ਆਪ੍ਰੇਸ਼ਨ

ਫਗਵਾੜਾ 21 ਸਤੰਬਰ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ‘ਆਓ ਪੁੰਨ ਕਮਾਈਏ’ ਲੜੀ ਤਹਿਤ ਇਕ ਹੋਰ ਲੋੜਵੰਦ ਬਿਰਧ ਦੀ ਅੱਖ ਦਾ ਫਰੀ ਓਪਰੇਸ਼ਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਵਲੋਂ ਮਿਲੇ ਆਰਥਕ ਸਹਿਯੋਗ ਸਦਕਾ ਕਰਵਾਇਆ ਗਿਆ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਨੇ ਮੋਤੀਆਬਿੰਦ ਨਾਲ ਪੀੜ੍ਹਤ ਬਜ਼ੁਰਗ ਹੰਸ ਰਾਜ ਦੀ ਅੱਖ ਦਾ ਸਫਲ ਆਪ੍ਰੇਸ਼ਨ ਕਰਦਿਆਂ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਗੁਰਦੀਪ ਦੀਪਾ ਹਲਕਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਰਣਜੀਤ ਸਿੰਘ ਫਤਿਹ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ‘ਆਪ’ ਅਤੇ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਸ਼ਾਮਲ ਹੋਏ। ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਨੇ ਲੋੜਵੰਦ ਨੇਤਰ ਰੋਗੀਆਂ ਨੂੰ ਫਰੀ ਦਵਾਈਆਂ ਭੇਂਟ ਕਰਦੇ ਹੋਏ ਕਿਹਾ ਕਿ ਸਰਬ ਨੌਜਵਾਨ ਸਭਾ ਹਮੇਸ਼ਾ ਸਮਾਜ ਦੀ ਭਲਾਈ ਲਈ ਅਗਵਾਈ ਕਰਦੀ ਆ ਰਹੀ ਹੈ। ਜ਼ਰੂਰਤਮੰਦ ਹੰਸ ਰਾਜ ਦੀ ਅੱਖ ਦਾ ਫਰੀ ਆਪ੍ਰੇਸ਼ਨ ਕਰਵਾ ਕੇ ਇਸ ਸਭਾ ਨੇ ਮਨੁੱਖਤਾ ਦੀ ਸੱਚੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਫਰੀ ਆਪ੍ਰੇਸ਼ਨਾਂ ਰਾਹੀਂ ਸਭਾ ਅਸਲ ਵਿੱਚ ਪੁੰਨ ਖੱਟ ਰਹੀ ਹੈ। ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਲੋਕਾਂ ਲਈ ਆਸ ਤੇ ਉਮੀਦ ਦੀ ਕਿਰਨ ਬਣਦੇ ਹਨ। ਸੰਤੋਸ਼ ਕੁਮਾਰ ਗੋਗੀ ਜ਼ਿਲਾ ਸਕੱਤਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਕੀਤੀ ਜਾ ਰਹੀ ਇਹ ਸੇਵਾ ਬੇਮਿਸਾਲ ਹੈ। ਜ਼ਰੂਰਤਮੰਦਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡਾ ਧਰਮ ਹੈ। ਅੱਜ ਹੰਸ ਰਾਜ ਦੀ ਅੱਖ ਦੇ ਅਪ੍ਰੇਸ਼ਨ ਨਾਲ ਇਹ ਸਾਬਤ ਹੋਇਆ ਹੈ ਕਿ ਜੇਕਰ ਸਮਾਜ ਇਕੱਠਾ ਹੋ ਕੇ ਕੰਮ ਕਰੇ ਤਾਂ ਕੋਈ ਵੀ ਜ਼ਰੂਰਤਮੰਦ ਇਕੱਲਾ ਨਹੀਂ ਰਹਿੰਦਾ। ਉਨ੍ਹਾਂ ਨੇ ਕਿਹਾ ਕਿ ਸਮਾਜ ਦੀ ਅਸਲ ਸੇਵਾ ਉਹੀ ਹੈ ਜਦੋਂ ਅਸੀਂ ਕਿਸੇ ਲੋੜਵੰਦ ਦੇ ਦਰਦ ਨੂੰ ਮਹਿਸੂਸ ਕਰਕੇ ਉਸਨੂੰ ਰਾਹਤ ਦੇਣ ਲਈ ਯਤਨ ਕਰਦੇ ਹਾਂ। ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ  50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ‘ਚ ਆਮ ਤੌਰ ’ਤੇ ਮੋਤੀਆਬਿੰਦ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਜੋ ਕਿ ਬਹੁਤ ਹੌਲੀ ਹੌਲੀ ਵਧਦਾ ਹੈ, ਇਸ ਲਈ ਮਰੀਜ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਜੇਕਰ ਸਮੇਂ ਸਿਰ ਜਾਂਚ ਕਰਵਾਈ ਜਾਵੇ ਤਾਂ ਰੁਟੀਨ ਜਾਂਚ ਵਿੱਚ ਇਲਾਜ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ 40 ਸਾਲ ਦੀ ਉਮਰ ਤੋਂ ਬਾਅਦ ਸਾਲ ਵਿੱਚ ਇੱਕ ਵਾਰ ਰੁਟੀਨ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਡਾ. ਤੁਸ਼ਾਰ ਨੇ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਸਭਾ ਅਤੇ ਸੁਸਾਇਟੀ ਨੂੰ ਸਹਿਯੋਗ ਕਰਦਾ ਰਹੇਗਾ। ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।  ਉਹਨਾਂ ਕਿਹਾ ਕਿ ਇਹ ਸਾਡੇ ਸਮਾਜ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿੱਥੇ ਲੋੜ ਹੈ, ਉਥੇ ਅਸੀਂ ਖੜੇ ਹੋਈਏ। ਉਹਨਾਂ ਨੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ ਮੋਬਾਇਲ ਫੋਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਬਜ਼ੁਰਗ ਹੰਰਰਾਜ ਦੀ ਅੱਖ ‘ਚ ਫੋਲਡੇਬਲ ਲੈਨਜ਼ ਪਾਇਆ ਗਿਆ ਹੈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਸਮਾਜ ਸੇਵਕ ਰਮਨ ਨਹਿਰਾ, ਆਰ.ਪੀ. ਸ਼ਰਮਾ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਜੀਤ ਰਾਮ ਟਿੱਬੀ, ਗੁਲਸ਼ਨ ਕਪੂਰ, ਸ਼ੁਭਮ ਸ਼ਰਮਾ, ਪਰਸ ਰਾਮ ਸ਼ਿਵਪੁਰੀ ਆਦਿ ਹਾਜ਼ਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button