ਸਥਾਨਕ ਖਬਰ

ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਕੁਦਰਤ ਦਿਵਸ

* ਵਾਤਾਵਰਣ ਪ੍ਰੇਮੀ ਡਾ. ਅਮਰਜੀਤ ਚੌਸਰ ਦੀ ਯਾਦ ਨੂੰ ਕੀਤਾ ਸਮਰਪਿਤ

ਫਗਵਾੜਾ 13 ਅਕਤੂਬਰ (    ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਵਿਸ਼ਵ ਕੁਦਰਤ ਦਿਵਸ ਉਡਿਅਨ ਸ਼ਾਲਨੀ ਗਰੁੱਪ ਦੇ ਸਹਿਯੋਗ ਸਦਕਾ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਕਾਨਫ੍ਰੈਂਸ ਹਾਲ ਵਿਚ ਮਨਾਇਆ ਗਿਆ। ਵਾਤਾਵਰਣ ਪ੍ਰੇਮੀ ਡਾ. ਅਮਰਜੀਤ ਚੌਸਰ ਦੀ ਯਾਦ ਨੂੰ ਸਮਰਪਿਤ ਉਕਤ ਸਮਾਗਮ ਦੀ ਆਰੰਭਤਾ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਅਸ਼ੋਕ ਗੁੰਬਰ ਨੇ ਜਯੋਤੀ ਪ੍ਰੱਜਵਲਿਤ ਕਰਕੇ ਕਰਵਾਈ। ਸਮਾਗਮ ਦੌਰਾਨ ਡਾ. ਇੰਦਰਜੀਤ ਵਾਸੂ, ਡਾ. ਜਵਾਹਰ ਧੀਰ ਅਤੇ ਮਾਸਟਰ ਗੁਰਮੀਤ ਸਿੰਘ (ਨੈਸ਼ਨਲ ਅਵਾਰਡੀ) ਨੇ ਕੁਦਰਤ ਕੀ ਹੈ, ਇਸ ਦੇ ਸੋਮਿਆਂ ਵਿੱਚ ਪਲੀਨਤਾ ਕਿਉਂ ਆ ਰਹੀ ਹੈ ਅਤੇ ਇਸ ਪਲੀਨਤਾ ਦੇ ਨਾਲ ਇਨਸਾਨੀ ਜੀਵਨ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਡਾ. ਵਾਸੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਕੁਦਰਤ ਦੇ ਮਹੱਤਵ ਨੂੰ ਦੱਸਦਿਆਂ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਬੁਲਾਰਿਆਂ ਨੇ ਕਵਿਤਾਵਾਂ ਰਾਹੀਂ ਵੀ ਕੁਦਰਤੀ ਸੋਮਿਆਂ ਦੀ ਸੰਭਾਲ ਬਾਰੇ ਜਾਗਰੁਕ ਕੀਤਾ। ਮਾਸਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਹਰ ਉਹ ਚੀਜ਼ ਜੋ ਪਰਮਾਤਮਾ ਨੇ ਪੈਦਾ ਕੀਤੀ ਹੈ, ਉਹ ਕੁਦਰਤ ਦਾ ਹਿੱਸਾ ਹੈ। ਲੇਕਿਨ ਇਨਸਾਨ ਕੁਦਰਤ ਦੇ ਨਾਲ ਛੇੜਛਾੜ ਕਰ ਰਿਹਾ ਹੈ, ਜਿਸ ਨਾਲ ਧਰਤੀ ਦਾ ਜੀਵਨ ਖਤਰੇ ਵਿੱਚ ਹੈ। ਬੁਲਾਰਿਆਂ ਨੇ ਵੱਖ-ਵੱਖ ਉਦਾਹਰਣਾ ਰਾਹੀਂ ਪ੍ਰਕ੍ਰਿਤੀ ਨਾਲ ਜੁੜਨ ਅਤੇ ਇਸ ਦੀ ਸੰਭਾਲ ਵਿਚ ਸਹਿਯੋਗ ਦੀ ਅਪੀਲ ਕੀਤੀ। ਇਸ ਦੌਰਾਨ ਹਾਜਰੀਨ ਨੂੰ ਫਲਦਾਰ ਬੂਟੇ ਵੀ ਵੰਡੇ ਗਏ। ਅਖੀਰ ਵਿੱਚ ਉਡਿਅਨ ਸ਼ਾਲਨੀ ਗਰੁੱਪ ਦੀ ਕੋਆਰਡੀਨੇਟਰ ਮੋਨਿਕਾ ਨੇ ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਡਾ. ਅਮਰਜੀਤ ਚੌਸਰ ਦੀ ਯਾਦ ਵਿੱਚ ਇਕ ਮਿਨਟ ਦਾ ਮੌਨ ਧਾਰ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਵਿਪਨ ਅਰੋੜਾ, ਹਰਬੰਸ ਲਾਲ, ਮੋਹਨ ਲਾਲ ਤਨੇਜਾ, ਐਸ.ਸੀ. ਚਾਵਲਾ, ਨਵੀਨ ਕੁਮਾਰ, ਰਮਨ ਨਹਿਰਾ, ਨੰਦ ਸੋਨੀ, ਜਿੰਮੀ ਕੁਮਾਰ ਤੇ ਡਾ. ਚੌਸਰ ਦੇ ਪਰਿਵਾਰਕ ਮੈਂਬਰ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button