ਸਥਾਨਕ ਖਬਰ

ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਛੇਤੀ ਐਲਾਨ ਕਰੇ

*ਯੂਨੀਵਰਸਿਟੀ ਦਾ ਮਾਹੌਲ ਸੁਧਾਰਨ ਲਈ ਵੀ ਕਰੇ ਪਹਿਲ

 ਫਗਵਾਰਾ 13 ਨਵੰਬਰ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਪੰਜਾਬ ਚੇਤਨਾ ਮੰਚ ਨੇ 10 ਨਵੰਬਰ ਨੂੰ ‘ਪੰਜਾਬ ਯੂਨੀਵਰਸਿਟੀ ਬਚਾਓ’ ਮੋਰਚੇ ਦੇ ਸੱਦੇ ‘ਤੇ ਚੰਡੀਗੜ੍ਹ, ਕੇਂਦਰੀ ਸਰਕਾਰ ਦੀਆਂ ਪੰਜਾਬ ਯੂਨੀਵਰਸਿਟੀ ਨੂੰ ਹਥਿਆਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਪੁਰਅਮਨ ਤੇ ਜਮਹੂਰੀ ਢੰਗ ਨਾਲ ਰੋਸ ਪ੍ਰਗਟ ਕਰਨ ਲਈ ਜਾਣ ਵਾਲੇ ਵਿਦਿਆਰਥੀਆਂ ਤੇ ਕਿਸਾਨਾਂ ਨੂੰ ਰੋਕਣ ਲਈ ਕੇਂਦਰ ਪ੍ਰਸ਼ਾਸਿਤ ਖੇਤਰ ਚੰਡੀਗੜ੍ਹ ਦੀ ਪੁਲਿਸ,ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਵਲੋਂ ਅਪਣਾਏ ਗਏ ਹੱਥਕੰਡਿਆਂ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਮੰਚ ਦੇ ਆਗੂਆਂ ਦਾ ਕਹਿਣਾ ਹੈ ਕਿ ਦਿਨੋ-ਦਿਨ ਇਹ ਮਹਾਨ ਜਮਹੂਰੀ ਦੇਸ਼ ਇਕ ਪੁਲਿਸ ਰਾਜ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਲੋਕਾਂ ਤੋਂ ਜਮਹੂਰੀ ਢੰਗ ਨਾਲ ਰੋਸ ਪ੍ਰਗਟ ਕਰਨ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਰੋਸ ਪ੍ਰਗਟ ਕਰਨ ਲਈ ਦੇਸ਼ ਦੀ ਰਾਜਧਾਨੀ ਦਿੱਲੀ ਨਹੀਂ ਜਾ ਸਕਦੇ। ਵਿਦਿਆਰਥੀ ਅਤੇ ਹੋਰ ਵਰਗਾਂ ਦੇ ਲੋਕ ਰੋਸ ਰੈਲੀ ਵਿਚ ਸ਼ਾਮਿਲ ਹੋਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਹੀਂ ਜਾ ਸਕਦੇ। ਬਿਨਾਂ ਸ਼ੱਕ ਇਹ ਗੰਭੀਰ ਸਥਿਤੀ ਹੈ, ਇਸ ‘ਤੇ ਪੰਜਾਬ ਦੇ ਸਮੂਹ ਸਿਆਸੀ ਦਲਾਂ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ।
Hide quoted text
ਮੰਚ ਦੇ ਆਗੂਆਂ ਨੇ ਇਹ ਨੋਟ ਕੀਤਾ ਹੈ ਕਿ ਲੰਮੇ ਸਮੇਂ ਤੱਕ ਚੰਡੀਗੜ੍ਹ ਪੁਲਿਸ ਨੇ ਰੋਸ ਪ੍ਰਗਟ ਕਰਨ ਗਏ ਵਿਦਿਆਰਥੀਆਂ ਨੂੰ ਸਾਰੇ ਗੇਟ ਬੰਦ ਕਰਕੇ ਯੂਨੀਵਰਸਿਟੀ ਵਿਚ ਦਾਖਲ ਨਹੀਂ ਹੋਣ ਦਿੱਤਾ। ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਨਡੈਂਟੀ ਕਾਰਡ ਵਿਖਾਉਣ ਤੋਂ ਬਾਅਦ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ। ਬਾਅਦ ਵਿਚ ਜਦੋਂ ਵਿਦਿਆਰਥੀਆਂ ਤੇ ਲੋਕਾਂ ਦੀ ਗਿਣਤੀ ਵਧ ਗਈ ਤੇ ਪੁਲਿਸ ਨੂੰ ਲੱਗਿਆ ਕਿ ਲੋਕਾਂ ਨੂੰ ਹੁਣ ਰੋਕਣਾ ਸੰਭਵ ਨਹੀਂ, ਤਾਂ ਹੀ ਅੰਦਰ ਜਾਣ ਲਈ ਗੇਟ ਖੋਲ੍ਹੇ ਗਏ।
ਦੂਜੇ ਪਾਸੇ ਪੰਜਾਬ ਪੁਲਿਸ ਨੇ ਚੰਡੀਗੜ੍ਹ ਨੂੰ ਜਾਣ ਵਾਲੇ ਬਹੁਤ ਸਾਰੇ ਰਸਤਿਆਂ ਨੂੰ ਬਲਾਕ ਕਰ ਦਿੱਤਾ। ਨੌਜਵਾਨਾਂ ‘ਤੇ ਬੇਰਹਿਮੀ ਨਾਲ ਲਾਠੀਚਾਰਜ ਕਰਕੇ ਲਾਸ਼ਾਂ ਪਾ ਦਿੱਤੀਆਂ। ਸ਼ਾਇਦ ਏਨਾ ਹੀ ਕਾਫ਼ੀ ਨਹੀਂ ਸੀ, ਹਰਿਆਣਾ ਪੁਲਿਸ ਪੰਜਾਬ ਦੇ ਕਿਸਾਨਾਂ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਯੂਨੀਵਰਸਿਟੀ ਵੱਲ ਜਾਣ ਤੋਂ ਰੋਕਣ ਲਈ ਮੁਹਾਲੀ ਵਿਚ ਦਾਖਲ ਹੋ ਗਈ। ਪਰ ਇਨ੍ਹਾਂ ਸਭ ਭੜਕਾਹਟਾਂ ਦੇ ਬਾਵਜੂਦ ਰੋਸ ਪ੍ਰਗਟ ਕਰਨ ਗਏ ਵਿਦਿਆਰਥੀ, ਆਮ ਲੋਕ ਤੇ ਕਿਸਾਨ ਵੱਡੀ ਹਦ ਤੱਕ ਸ਼ਾਂਤ ਰਹੇ। ਯੂਨੀਵਰਸਿਟੀ ਅੰਦਰ ਦਾਖਲ ਹੋਏ ਤੇ ਰੋਸ ਰੈਲੀ ਵਿਚ ਸ਼ਾਮਿਲ ਹੋਏ ਲੋਕ ਵੀ ਪੁਰਅਮਨ ਤੇ ਅਨੁਸ਼ਾਸਨ ਵਿਚ ਰਹੇ। ਰੋਸ ਪ੍ਰਗਟ ਕਰਨ ਵਾਲਿਆਂ ਦਾ ਇਹ ਵਤੀਰਾ ਪ੍ਰਸੰਸਾਯੋਗ ਰਿਹਾ।
ਮੰਚ ਦੇ ਆਗੂਆਂ ਨੇ ਬਿਆਨ ਦੇ ਅਖੀਰ ਵਿਚ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਸੈਨੇਟ ਚੋਣਾਂ ਦੇ ਪ੍ਰੋਗਰਾਮ ਦਾ ਛੇਤੀ ਤੋਂ ਛੇਤੀ ਐਲਾਨ ਕਰਕੇ, ਵਿਦਿਆਰਥੀਆਂ ਦੀਆਂ ਹੋਰ ਜਾਇਜ਼ ਮੰਗਾਂ ਸਵੀਕਾਰ ਕਰਕੇ ਅਤੇ ਵਿਦਿਆਰਥੀਆਂ ਵਿਰੁੱਧ ਦਰਜ ਕਰਵਾਏ ਸਾਰੇ ਕੇਸ ਵਾਪਿਸ ਲੈ ਕੇ ਵੱਧ ਰਹੇ ਇਸ ਟਕਰਾਅ ਨੂੰ ਰੋਕਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ, ਤਾਂ ਜੋ ਯੂਨੀਵਰਸਿਟੀ ਵਿਚ ਮੁੜ ਤੋਂ ਅਕਾਦਮਿਕ ਮਾਹੌਲ ਨੂੰ ਬਹਾਲ ਕੀਤਾ ਜਾ ਸਕੇ ਅਤੇ ਸਥਿਤੀਆਂ ਨੂੰ ਹੋਰ ਵਿਗੜਨ ਤੋਂ ਬਚਾਇਆ ਜਾ ਸਕੇ। ਮੰਚ ਦੇ ਆਗੂਆਂ ਨੇ ਦਿੱਲੀ ਵਿਚ ਦਹਿਸ਼ਤਗਰਦਾਂ ਵਲੋਂ ਕਾਰ ਬੰਬ ਧਮਾਕਾ ਕਰਕੇ 12 ਲੋਕਾਂ ਦੀ ਜਾਨ ਲੈਣ ਅਤੇ ਦਰਜਨ ਭਰ ਲੋਕਾਂ ਨੂੰ ਜ਼ਖ਼ਮੀ ਕਰਨ ਦੀ ਵੀ ਸਖ਼ਤ ਨਿੰਦਾ ਕੀਤੀ ਹੈ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀ ਹੋਏ ਲੋਕਾਂ ਨਾਲ ਆਪਣੀ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ।
ਇਹ ਬਿਆਨ ਜਾਰੀ ਕਰਨ ਵਾਲਿਆਂ ਵਿਚ ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ,ਜਰਨਲ ਸਕੱਤਰ ਸਤਨਾਮ ਸਿੰਘ ਮਾਣਕ, ਜਥੇਬੰਦਕ ਸਕੱਤਰ ਗੁਰਮੀਤ ਪਲਾਹੀ,ਦੁਆਬਾ ਜ਼ੋਨ ਦੇ ਸਕੱਤਰ ਰਾਵਿੰਦਰ ਚੋਟ,ਮਾਲਵਾ ਜ਼ੋਨ ਦੇ ਸਕੱਤਰ ਗੁਰਚਰਨ ਸਿੰਘ ਨੂਰਪੁਰ ਅਤੇ ਮਾਝਾ ਜ਼ੋਨ ਦੇ ਸਕੱਤਰ ਰਾਬਿੰਦਰ ਸਿੰਘ ਰੂਬੀ ਆਦਿ ਸ਼ਾਮਿਲ ਹਨ।

Related Articles

Leave a Reply

Your email address will not be published. Required fields are marked *

Back to top button