ਹਿਊਮਨ ਰਾਈਟਸ ਕੌਂਸਲ (ਇੰਡੀਆ) ਨੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਦੀ ਨਿਯੁਕਤੀ ਦਾ ਕੀਤਾ ਸਵਾਗਤ
* ਜਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਦੀ ਅਗਵਾਈ ‘ਚ ਮਿਲਿਆ ਵਫਦ
ਫਗਵਾੜਾ 13 ਮਈ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ )
ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਆਸ਼ੂ ਮਾਰਕੰਡਾ ਅਤੇ ਕੌਂਸਲ ਦੇ ਐਂਟੀ ਕੁਰੱਪਸ਼ਨ ਸੈੱਲ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਨੰਦ ਸੋਨੀ ਤੇ ਜਿਲ੍ਹਾ ਮੀਤ ਪ੍ਰਧਾਨ ਸੰਜੀਵ ਕੁਮਾਰ ਮਿੰਚੂ ਨੇ ਅੱਜ ਨਵ-ਨਿਯੁਕਤ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਪਰੋਕਤ ਅਹੁਦੇਦਾਰਾਂ ਨੇ ਗੁਰਚਰਨ ਸਿੰਘ ਨੂੰ ਸਿਰੋਪਾ ਪਾ ਕੇ ਫਗਵਾੜਾ ‘ਚ ਨਿਯੁਕਤੀ ਦਾ ਸਵਾਗਤ ਕੀਤਾ। ਆਸ਼ੂ ਮਾਰਕੰਡਾ ਨੇ ਨਾਇਬ ਤਹਿਸੀਲਦਾਰ ਦਾ ਧਿਆਨ ਫਗਵਾੜਾ ਤਹਿਸੀਲ ਵਿੱਚ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਦੁਵਾਇਆ ਅਤੇ ਜਨਤਕ ਹਿੱਤਾਂ ਨਾਲ ਸਬੰਧਤ ਕੁਝ ਸੁਝਾਅ ਵੀ ਦਿੱਤੇ ਤਾਂ ਜੋ ਤਹਿਸੀਲ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਆਸ਼ੂ ਮਾਰਕੰਡਾ ਅਨੁਸਾਰ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਮਾਲ ਵਿਭਾਗ ਦੇ ਕੰਮਕਾਜ ਵਿੱਚ ਜ਼ਰੂਰੀ ਸੁਧਾਰ ਕੀਤੇ ਜਾਣਗੇ। ਸਰਕਾਰ ਨਾਲ ਸਬੰਧਤ ਜਨਤਾ ਦੀਆਂ ਸਮੱਸਿਆਵਾਂ ਨੂੰ ਸੀਨੀਅਰ ਅਧਿਕਾਰੀਆਂ ਦੀ ਮੱਦਦ ਨਾਲ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਸਾਰੀਆਂ ਸਮੱਸਿਆਵਾਂ ਦਾ ਸਹੀ ਢੰਗ ਨਾਲ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਵਿੱਚ ਜਨਤਾ ਨੂੰ ਹਰ ਜ਼ਰੂਰੀ ਸਹੂਲਤ ਪ੍ਰਦਾਨ ਕਰਨਾ ਉਨ੍ਹਾਂ ਦੀ ਤਰਜੀਹ ਹੈ। ਇਸ ਦੌਰਾਨ ਨੰਦ ਸੋਨੀ ਅਤੇ ਸੰਜੀਵ ਕੁਮਾਰ ਮਿੰਚੂ ਨੇ ਵਿਸ਼ਵਾਸ ਪ੍ਰਗਟਾਇਆ ਕਿ ਨਾਇਬ ਤਹਿਸੀਲਦਾਰ ਉਨ੍ਹਾਂ ਦੇ ਸੁਝਾਵਾਂ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਲੋੜੀਂਦੇ ਸੁਧਾਰਾਂ ਨਾਲ, ਫਗਵਾੜਾ ਤਹਿਸੀਲ ਵਿੱਚ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ।
ਤਸਵੀਰ: ਫਗਵਾੜਾ ਦੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੂੰ ਸਿਰੋਪਾ ਪਾਉਂਦੇ ਹੋਏ ਆਸ਼ੂ ਮਾਰਕੰਡਾ ਅਤੇ ਹੋਰ।