ਸਥਾਨਕ ਖਬਰ

ਅਧਿਆਪਕਾਂ ਨੂੰ ਤਨਖਾਹਾਂ ਤੱਕ ਨਹੀਂ ਦੇ ਰਹੀ ਸਿੱਖਿਆ ਕ੍ਰਾਂਤੀ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ – ਮੋਨਿਕਾ ਸ਼ਰਮਾ

* ਕਿਹਾ - 18 ਨੂੰ ਤਰਨਤਾਰਨ ਵਿਖੇ ਖੋਲਿ੍ਹਆ ਜਾਵੇਗਾ ਮੋਰਚਾ

ਫਗਵਾੜਾ 16 ਅਕਤੂਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਹਜਾਰਾਂ ਅਧਿਆਪਕਾਂ ਨੂੰ 9 ਤੋਂ ਲੈ ਕੇ 18 ਮਹੀਨੇ ਤੱਕ ਦੀਆਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਜ਼ਿਲਾ ਕਪੂਰਥਲਾ ਦੇ ਸਮੂਹ ਏਡਿਡ ਸਕੂਲ ਅਧਿਆਪਕ 18 ਅਕਤੂਬਰ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੀ ਅਗਵਾਈ ਹੇਠ ਤਰਨਤਾਰਨ ਵਿਖੇ ਮੋਰਚਾ ਖੋਲ੍ਹਣਗੇ। ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਸੀ ਐਂਡ ਵੀ ਅਧਿਆਪਕਾਂ ਨੂੰ 18 ਮਹੀਨਿਆਂ ਤੋਂ ਅਤੇ ਬਾਕੀ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਪਿਛਲੇ 9 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਜਿਸ ਕਰਕੇ ਇਹਨਾਂ ਸਕੂਲਾਂ ਦੇ ਮੁਲਾਜ਼ਮਾਂ ਨੇ ਗੂੰਗੀ ਤੇ ਬੋਲੀ ਸਰਕਾਰ ਦੇ ਖਿਲਾਫ ਤਰਨਤਾਰਨ ਉਪ ਚੋਣ ਦੌਰਾਨ ਮੋਰਚਾ ਖੋਲ੍ਹਣ ਦਾ ਫੈਸਲਾ ਲਿਆ ਹੈ। ਉਹਨਾਂ ਨੇ ਕਿਹਾ ਕਿ ਸਿੱਖਿਆ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਤੇ ਮੰਤਰੀਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ‘ਤੇ ਵੀ ਇਹਨਾਂ ਸਕੂਲਾਂ ਵਿਚ ਕੰਮ ਕਰਦੇ ਹਜ਼ਾਰਾਂ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਤਨਖਾਹ ਲਈ ਗ੍ਰਾਂਟ ਜਾਰੀ ਨਹੀ ਕੀਤੀ ਗਈ। ਉਹਨਾਂ ਕਿਹਾ ਕਿ ਏਡਿਡ ਸਕੂਲਾਂ ਦੀਆਂ ਮੈਨੇਜਮੈਂਟਾਂ ਦੇ ਆਡਿਟ ਦੇ ਨਾਮ ਤੇ ਮੁਲਾਜ਼ਮਾਂ ਦੀ ਤਨਖਾਹ ਲੰਬੇ ਸਮੇਂ ਤੋਂ ਰੋਕੀ ਹੋਈ ਹੈ। ਸਿੱਖਿਆ ਵਿਭਾਗ ਕੋਲ ਆਡਿਟ ਕਰਨ ਲਈ ਲੋੜੀਂਦਾ ਸਟਾਫ ਵੀ ਨਹੀਂ ਹੈ। ਵਿਭਾਗ ਦੇ ਸ਼ੈਕਸ਼ਨ ਅਫਸਰਾਂ ਦੀ ਘਾਟ ਦਾ ਖਾਮਿਆਜ਼ਾ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਨੇ ਦੱਸਿਆ ਕਿ 1967 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸੂਬਾ ਸਰਕਾਰ ਨੇ ਪ੍ਰਬੰਧਕ ਕਮੇਟੀਆਂ ਦੇ ਆਡਿਟ ਦੇ ਬਹਾਨੇ ਬਣਾ ਕੇ ਸਟਾਫ ਦੀ ਗ੍ਰਾਂਟ ਰੋਕੀ ਹੈ। ਸਰਕਾਰ ‘ਤੇ ਏਡਿਡ ਸਕੂਲਾਂ ਨੂੰ ਬੰਦ ਕਰਨ ਦੀ ਸਾਜਿਸ਼ ਦਾ ਦੋਸ਼ ਲਾਉਂਦੇ ਹੋਏ ਉਹਨਾਂ ਕਿਹਾ ਕਿ ਦੁਸਹਿਰਾ ਤੇ ਦੀਵਾਲੀ ਵਰਗੇ ਤਿਉਹਾਰ ਵੀ ਬਿਨ੍ਹਾ ਤਨਖਾਹ ਮਿਲੇ ਲੰਘ ਰਹੇ ਹਨ। ਉਹਨਾਂ ਆਖਿਆ ਕਿ ਲੰਬੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮ ਵਰਗ ਦੀ ਆਰਥਿਕ ਹਾਲਤ ਵਿਗੜ ਚੁੱਕੀ ਹੈ ਪਰ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਅਧਿਆਪਕਾਂ ਨੂੰ ਤਨਖਾਹ ਦੇਣ ਤੋਂ ਵੀ ਇਨਕਾਰੀ ਹੈ। ਉਹਨਾਂ ਕਿਹਾ ਕਿ ਜਥੇਬੰਦੀ ਵਲੋਂ ਮੰਤਰੀਆਂ ਤੇ ਅਫਸਰਾਂ ਨੂੰ ਵਾਰ-ਵਾਰ ਬੇਨਤੀ ਕਰਨ ਤੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਲਾਰਿਆਂ ਤੋਂ ਇਲਾਵਾ ਕੁੱਝ ਵੀ ਪੱਲੇ ਨਹੀਂ ਪਿਆ। ਜ਼ਿਲਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਕਿਹਾ ਕਿ ਤਨਖਾਹਾਂ ਨਾ ਦੇਣਾ ਗੈਰ ਮਨੁੱਖੀ ਵਤੀਰੇ ਤੋਂ ਘੱਟ ਨਹੀਂ ਹੈ, ਜੋ ਕਿ ਪੜ੍ਹੇ ਲਿਖੇ ਵਰਗ ਨਾਲ ਸ਼ਰੇਆਮ ਧੱਕਾ ਹੈ। ਇਸ ਮੌਕੇ ਉਹਨਾਂ ਮਨੁਖੀ ਅਧਿਕਾਰ ਆਯੋਗ ਨੂੰ ਵੀ ਅਪੀਲ ਕੀਤੀ ਕਿ ਤਨਖਾਹ ਦੀ ਗਰਾਂਟ ਦੀ ਜਿੰਮੇਵਾਰੀ ਫਿਕਸ ਕੀਤੀ ਜਾਵੇ । ਇਸ ਦੌਰਾਨ ਯੂਨੀਅਨ ਦੀ ਜਿਲਾ ਸਕੱਤਰ ਬਲਵਿੰਦਰ ਕੌਰ ਨੇ ਵੀ ਰੋਸ ਭਰੇ ਲਹਿਜੇ ਵਿੱਚ ਕਿਹਾ ਕਿ ਏਡਿਡ ਸਕੂਲਾਂ ਵਿਚ 1.76 ਲੱਖ ਵਿਦਆਰਥੀਆਂ ਨੂੰ ਪੜਾਉਣ ਵਾਲੇ ਸਿੱਖਿਆ ਜਗਤ ਦੇ ਗੁਰੂ ਦਾ ਦਰਜਾ ਪ੍ਰਾਪਤ ਅਧਿਆਪਕ ਦੀਵਾਲੀ ਵਰਗੇ ਪਵਿੱਤਰ ਤਿਉਹਾਰ ਭੁੱਖੇ ਢਿੱਡ ਗੁਜ਼ਾਰਾ ਕਰਨ ਲਈ ਮਜਬੂਰ ਹਨ। ਜਿਸ ਦੇ ਲਈ ਸੂਬਾ ਸਰਕਾਰ ਜਿੰਮੇਵਾਰ ਹੈ। ਇਸ ਲਈ ਤਰਨਤਾਰਨ ਜ਼ਿਮਨੀ ਚੋਣ ਦੌਰਾਨ 18 ਅਕਤੂਬਰ ਨੂੰ ਜਨਤਾ ਦੇ ਸਾਹਮਣੇ ਸੂਬਾ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ।
ਤਸਵੀਰ – ਗੱਲਬਾਤ ਕਰਦੇ ਹੋਏ ਏਡਿਡ ਸਕੂਲ ਅਧਿਆਪਕ ਯੂਨੀਅਨ ਦੇ ਅਹੁਦੇਦਾਰ ਤੇ ਮੈਂਬਰ।

Related Articles

Leave a Reply

Your email address will not be published. Required fields are marked *

Back to top button