ਸਥਾਨਕ ਖਬਰ
‘ਆਓ ਪੁੰਨ ਕਮਾਈਏ’ ਪ੍ਰੋਜੈਕਟ ਤਹਿਤ ਬਜ਼ੁਰਗ ਮਾਤਾ ਦੀ ਅੱਖ ਦਾ ਕਰਵਾਇਆ ਓਪਰੇਸ਼ਨ ਕਿਸੇ ਲੋੜਵੰਦ ਦੀ ਜ਼ਿੰਦਗੀ ‘ਚ ਚਾਨਣ ਭਰਨਾ ਸਭ ਤੋਂ ਵੱਡੀ ਸੇਵਾ – ਇੰਸ. ਨਵਜੋਤ ਕੌਰ
ਸਭਾ ਦੇ ਉਪਰਾਲੇ ਸਮਾਜ ਲਈ ਪ੍ਰੇਰਣਾਦਾਇਕ - ਐਨ.ਆਰ.ਆਈ. ਸਿੱਧੂ
ਫਗਵਾੜਾ 10 ਅਪ੍ਰੈਲ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਜਾਰੀ ‘ਆਓ ਪੁੰਨ ਕਮਾਈਏ’ ਮੁਹਿੰਮ ਤਹਿਤ ਇੱਕ ਹੋਰ ਲੋੜਵੰਦ ਬਜ਼ੁਰਗ ਮਾਤਾ ਦੀਆਂ ਅੱਖਾਂ ਦੀ ਰੌਸ਼ਨੀ ਮੁੜ ਵਾਪਸ ਦੇ ਕੇ ਹਨ੍ਹੇਰੀ ਜ਼ਿੰਦਗੀ ‘ਚ ਚਾਨਣ ਲਿਆਂਦਾ ਗਿਆ ਹੈ। ਸਵ. ਪ੍ਰਭਦੀਪ ਸਿੰਘ ਸਾਹਿਲ ਦੀ ਯਾਦ ‘ਚ ਪਰਿਵਾਰ ਵਲੋਂ ਮਿਲੇ ਆਰਥਕ ਸਹਿਯੋਗ ਸਦਕਾ ਸਫਲਤਾ ਪੂਰਵਕ ਨੇਪਰੇ ਚਾੜ੍ਹੇ ਗਏ ਇਸ ਪ੍ਰੋਜੈਕਟ ਦੌਰਾਨ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ ਵੱਲੋਂ ਚਿੱਟੇ ਮੋਤੀਏ ਨਾਲ ਪੀੜਤ ਮਾਤਾ ਅਮਰਜੀਤ ਕੌਰ ਦਾ ਸਫਲ ਓਪਰੇਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਵੁਮੈਨ ਸੈਲ ਫਗਵਾੜਾ ਦੇ ਇੰਚਾਰਜ ਸਬ ਇੰਸਪੈਕਟਰ ਨਵਜੋਤ ਕੌਰ ਨੇ ਸ਼ਿਰਕਤ ਕੀਤੀ। ਉਹਨਾਂ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਦੀ ਜ਼ਿੰਦਗੀ ਦੇ ਹਨੇਰੇ ਨੂੰ ਦੂਰ ਕਰਨਾ ਸਭ ਤੋਂ ਵੱਡੀ ਇਬਾਦਤ ਹੈ। ਸਰਬ ਨੌਜਵਾਨ ਸਭਾ ਦਾ ਇਹ ਉਪਰਾਲਾ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਇਹ ਸਾਬਤ ਕਰਦਾ ਹੈ ਕਿਸੇ ਲੋੜਵੰਦ ਦੀ ਜਿੰਦਗੀ ‘ਚ ਚਾਨਣ ਭਰਨਾ ਸਭ ਤੋਂ ਵੱਡੀ ਸੇਵਾ ਹੈ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਕੱਤਰ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਜਦੋਂ ਸਮਾਜ ਇਕੱਠਾ ਹੋ ਕੇ ਸੇਵਾ ਕਰਦਾ ਹੈ, ਤਾਂ ਂ ਹੀ ਸਮੁੱਚੇ ਸਮਾਜ ਦੀ ਤਰੱਕੀ ਸੰਭਵ ਹੁੰਦੀ ਹੈ। ਅਜਿਹੇ ਉਪਰਾਲੇ ਸਮਾਜ ਵਿੱਚ ਸਹਿਯੋਗ ਅਤੇ ਸਾਂਝ ਦੀ ਭਾਵਨਾ ਮਜ਼ਬੂਤ ਕਰਦੇ ਹਨ। ਗੈਸਟ ਆਫ ਆਨਰ ਵਜੋਂ ਪਹੁੰਚੇ ਟਰਾਂਸਪੋਰਟਰ ਅਤੇ ਐਨ.ਆਰ.ਆਈ. ਅਵਤਾਰ ਸਿੰਘ ਸਿੱਧੂ ਯੂ.ਐਸ.ਏ. ਨੇ ਕਿਹਾ ਕਿ ਸਭਾ ਵਲੋਂ ਕੀਤੇ ਜਾ ਰਹੇ ਸੇਵਾ ਕਾਰਜ ਸਮਾਜ ਦੇ ਲਈ ਪ੍ਰੇਰਣਾਦਾਇਕ ਹਨ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਹਰ ਪੰਜਾਬੀ ਦੀ ਰੂਹ ਇੱਥੋਂ ਦੀ ਮਿੱਟੀ ਨਾਲ ਜੁੜੀ ਰਹਿੰਦੀ ਹੈ। ਆਪਣੇ ਲੋਕਾਂ ਦੀ ਸੇਵਾ ਕਰਨ ਨਾਲ ਜੋ ਸੰਤੋਖ ਮਿਲਦਾ ਹੈ, ਉਹ ਦੁਨੀਆ ਦੀ ਕਿਸੇ ਵੀ ਦੌਲਤ ਨਾਲੋਂ ਵੱਡਾ ਹੈ। ਡਾ. ਤੁਸ਼ਾਰ ਅਗਰਵਾਲ ਨੇ ਹਾਜਰੀਨ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੁਕ ਕੀਤਾ। ਉਹਨਾਂ ਕਿਹਾ ਕਿ ਅੱਖਾਂ ਪਰਮਾਤਮਾ ਦੀ ਸਭ ਤੋਂ ਕੀਮਤੀ ਨੇਮਤ ਹਨ। ਸਮੇਂ-ਸਮੇਂ ਤੇ ਅੱਖਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ 50 ਸਾਲ ਦੀ ਉਮਰ ਤੋਂ ਬਾਅਦ। ਛੋਟੀ ਲਾਪਰਵਾਹੀ ਵੱਡੀ ਸਮੱਸਿਆ ਬਣ ਸਕਦੀ ਹੈ।”ਅਖੀਰ ਵਿੱਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਭਾ ਦਾ ਮਕਸਦ ਸਿਰਫ਼ ਇੱਕ ਮਿਸਾਲ ਕਾਇਮ ਕਰਨਾ ਨਹੀਂ, ਸਗੋਂ ਹਰ ਲੋੜਵੰਦ ਤੱਕ ਲੋੜੀਂਦੀ ਸਹਾਇਤਾ ਦਾ ਉਪਰਾਲਾ ਕਰਨਾ ਹੈ। ਜਿੱਥੇ ਵੀ ਮਦਦ ਦੀ ਲੋੜ ਹੋਵੇਗੀ, ਸਰਬ ਨੌਜਵਾਨ ਸਭਾ ਹਮੇਸ਼ਾਂ ਅੱਗੇ ਰਹੇਗੀ।”ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ , ਪਰਮਜੀਤ ਰਾਏ, ਜਗਜੀਤ ਸੇਠ ਮੈਨੇਜਰ, ਨਰਿੰਦਰ ਸਿੰਘ ਸੈਣੀ , ਰਘਵੀਰ ਕੌਰ ਹਲਕਾ ਕੋਆਰਡੀਨੇਟਰ ਆਪ, ਵਿਨੋਦ ਭਾਸਕਰ ਸੀਨੀਅਰ ਆਪ ਆਗੂ, ਗੁਲਸ਼ਨ ਕਪੂਰ, ਰਣਜੀਤ ਸਿੰਘ ਬੇਦੀ , ਸਮਾਜ ਸੇਵਕ ਰਮਨ ਨੇਹਰਾ , ਕੇਤਨ ਰਾਏ, ਸੁਖਪ੍ਰੀਤ ਕੌਰ, ਹਰਵਿੰਦਰ ਸਿੰਘ , ਡਾ. ਐਸ .ਐਸ. ਕਲਸੀ, ਤਾਨੀਆ , ਅਰਾਧਨਾ , ਆਸ਼ਾ ਕੁਮਾਰੀ, ਰਜਨੀ, ਅਨਾਮਿਕਾ, ਪ੍ਰਿਆ , ਮੈਡਮ ਖੁਸ਼ੀ ਰਾਣਾ, ਮੈਡਮ ਨਵਜੋਤ ਕੌਰ, ਮੈਡਮ ਗੁਰਜੀਤ ਕੌਰ, ਮੈਡਮ ਆਸ਼ੂ ਬੱਗਾ ਆਦਿ ਹਾਜ਼ਰ ਸਨ।
ਤਸਵੀਰ – ਸਰਬ ਨੌਜਵਾਨ ਸਭਾ ਵਲੋਂ ਲੋੜਵੰਦ ਬਜੁਰਗ ਮਾਤਾ ਦੀ ਅੱਖਾ ਦਾ ਓਪਰੇਸ਼ਨ ਕਰਵਾਉਣ ਸਮੇਂ ਪ੍ਰਧਾਨ ਸੁਖਵਿੰਦਰ ਸਿੰਘ ਦੇ ਨਾਲ ਸਬ-ਇੰਸਪੈਕਟਰ ਨਵਜੋਤ ਕੌਰ, ਡਾ. ਤੁਸ਼ਾਰ ਅੱਗਰਵਾਲ ਅਤੇ ਹੋਰ ਪਤਵੰਤੇ।
