ਸਥਾਨਕ ਖਬਰ
ਉਦਯਾਨ ਕੇਅਰ ਦੀ ‘ਉਦਯਾਨ ਸ਼ਾਲਿਨੀ ਫੈਲੋਸ਼ਿਪ’ ਦੇ 15ਵੇਂ ਬੈਚ ਦਾ ਇੰਡਕਸ਼ਨ ਸਮਾਰੋਹ ਸ਼ਾਨਦਾਰ ਢੰਗ ਨਾਲ ਸੰਪੰਨ
ਉਦਯਾਨ ਕੇਅਰ ਦੀ 'ਉਦਯਾਨ ਸ਼ਾਲਿਨੀ ਫੈਲੋਸ਼ਿਪ' ਦੇ 15ਵੇਂ ਬੈਚ ਦਾ ਇੰਡਕਸ਼ਨ ਸਮਾਰੋਹ ਸ਼ਾਨਦਾਰ ਢੰਗ ਨਾਲ ਸੰਪੰਨ
ਫਗਵਾੜਾ, 8 ਜੁਲਾਈ: (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ) ਉਦਯਾਨ ਕੇਅਰ ਵੱਲੋਂ ਚਲਾਏ ਜਾ ਰਹੇ ਉਦਯਾਨ ਸ਼ਾਲਿਨੀ ਫੈਲੋਸ਼ਿਪ (USF) ਦੇ 15ਵੇਂ ਬੈਚ ਦਾ ਇੰਡਕਸ਼ਨ ਸਮਾਰੋਹ ਬੜੇ ਉਤਸ਼ਾਹ ਅਤੇ ਗਰਿਮਾ ਨਾਲ ਕਰਵਾਇਆ ਗਿਆ। ਇਸ ਮੌਕੇ ਫਗਵਾੜਾ ਦੇ ਵੱਖ-ਵੱਖ ਸਕੂਲਾਂ ਵਿੱਚੋਂ ਚੁਣੀਆਂ ਗਈਆਂ 30 ਹੋਣਹਾਰ ਵਿਦਿਆਰਥਣਾਂ ਨੂੰ ਫੈਲੋਸ਼ਿਪ ਵਿੱਚ ਸ਼ਾਮਲ ਕੀਤਾ ਗਿਆ।
ਫੈਲੋਸ਼ਿਪ ਤਹਿਤ ਵਿਦਿਆਰਥਣਾਂ ਨੂੰ ਅਗਲੇ ਪੰਜ ਸਾਲਾਂ ਤੱਕ ਸਕਾਲਰਸ਼ਿਪ, ਨਿੱਜੀ ਮੈਂਟਰਸ਼ਿਪ, ਰੋਜ਼ਗਾਰ ਯੋਗਤਾ (Employability) ਸੰਬੰਧੀ ਵਰਕਸ਼ਾਪਾਂ, ਸ਼ਖਸੀਅਤ ਵਿਕਾਸ ਅਤੇ ਸਮਾਜ ਸੇਵਾ ਨਾਲ ਜੁੜੀਆਂ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਉਹ ਆਤਮਨਿਰਭਰ ਬਣਨ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾ ਸਕਣ। ਉਦਯਾਨ ਕੇਅਰ ਦਾ ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਲੜਕੀਆਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਚਲਾਇਆ ਜਾ ਰਿਹਾ ਹੈ।
ਸਮਾਗਮ ਵਿੱਚ ਆਰਿਆ ਮਾਡਲ ਸਕੂਲ ਦੀ ਸਕੂਲ ਐਡਵਾਈਜ਼ਰ ਨੀਲਮ ਪਾਸਰੀਚਾ ਜੀ, ਉਦਯਾਨ ਕੇਅਰ ਦੀ ਸੰਸਥਾਪਕ ਡਾ. ਕਿਰਨ ਮੋਦੀ ਜੀ, ਮੁੱਖ ਮਹਿਮਾਨ ਮੈਡਮ ਮਾਧਵੀ ਸ਼ਰਮਾ (ਪੀ.ਪੀ.ਐਸ.), ਫਗਵਾੜਾ, ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਭਾਵਦੀਪ ਸਰਦਾਨਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸੀਈਓ, ਸੁਖਜੀਤ ਸਟਾਰਚ ਐਂਡ ਕੈਮਿਕਲਜ਼ ਲਿਮਿਟੇਡ, ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਫਗਵਾੜਾ ਦੇ ਸਾਬਕਾ ਮੇਅਰ ਮਲਕੀਅਤ ਸਿੰਘ ਰਘਬੋਤਰਾ ਜੀ, ਆਰਿਆ ਮਾਡਲ ਸਕੂਲ ਦੇ ਮੈਨੇਜਰ ਸੁਰਿੰਦਰ ਚੋਪੜਾ ਜੀ, ਸੁਸ਼ੀਲ ਸ਼ਰਮਾ ਜੀ, ਨਰੇਸ਼ ਕੋਹਲੀ ਜੀ, ਰੀਟਾ ਥਾਪਰ ਜੀ, ਰਮੇਸ਼ ਸਚਦੇਵਾ ਜੀ, ਰਣਜੀਤ ਸੋਢੀ ਜੀ ਅਤੇ ਉਦਯਾਨ ਕੇਅਰ ਦੀ ਨਾਰਥ ਰੀਜਨ ਮੈਨੇਜਰ ਰਿਤੂ ਖੁਰਾਨਾ ਜੀ ਸਮੇਤ ਹੋਰ ਕਈ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।
ਮਹਿਮਾਨਾਂ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਮਿਹਨਤ, ਆਤਮ-ਵਿਸ਼ਵਾਸ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਸੁਪਨੇ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਹੀ ਸਮਾਜ ਦੇ ਉੱਜਵਲ ਭਵਿੱਖ ਦੀ ਨੀਂਹ ਹੈ।
ਫਗਵਾੜਾ ਚੈਪਟਰ ਵੱਲੋਂ ਇਸ ਸਮਾਗਮ ਦਾ ਸਫਲ ਸੰਚਾਲਨ ਉਦਯਾਨ ਸ਼ਾਲਿਨੀ ਫੈਲੋਸ਼ਿਪ ਦੀ ਪ੍ਰੋਗਰਾਮ ਕੋਆਰਡੀਨੇਟਰ ਮੋਨਿਕਾ ਅਤੇ ਉਨ੍ਹਾਂ ਦੀ ਸਹਾਇਕ ਆਂਚਲ ਠਾਕੁਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਸਮਾਰੋਹ ਵਿੱਚ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਉਦਯਾਨ ਕੇਅਰ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ।
