ਫਗਵਾੜਾ ਵੈਲਫੇਅਰ ਸੁੁਸਾਇਟੀ (ਕਨੇਡਾ) ਨੇ ਲੋੜਵੰਦ ਰਿਕਸ਼ਾ ਚਾਲਕ ਨੂੰ ਭੇਂਟ ਕੀਤੀ ਆਟੋ ਰਿਕਸ਼ਾ
ਮਲਕੀਅਤ ਸਿੰਘ ਰਘਬੋਤਰਾ ਨੇ ਕੀਤੀ ਸ਼ਲਾਘਾ
ਫਗਵਾੜਾ 29 ਮਾਰਚ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)
ਫਗਵਾੜਾ ਵੈਲਫੇਅਰ ਸੁਸਾਇਟੀ ਸਰੀ ਬੀ.ਸੀ. (ਕਨੇਡਾ) ਵਲੋਂ ਇਕ ਲੋੜਵੰਦ ਨੂੰ ਰੁਜਗਾਰ ਕਰਨ ਲਈ ਆਟੋ ਰਿਕਸ਼ਾ ਭੇਂਟ ਕੀਤਾ ਗਿਆ। ਸੁਸਾਇਟੀ ਦੇ ਡਾਇਰੈਕਟਰ ਜਸਵੀਰ ਸਿੰਘ ਉਰਫ ਸੁਖਦੇਵ ਸਿੰਘ ਬਸਰਾ ਅਤੇ ਮੈਂਬਰਾਂ ਹਰਵਿੰਦਰ ਸਿੰਘ ਸ਼ਿੰਦਾ ਯੂ.ਕੇ., ਬਲਦੇਵ ਸਿੰਘ ਬਸਰਾ ਯੂ.ਐਸ.ਏ., ਜਸਪਾਲ ਸਿੰਘ ਸੰਘਾ ਕਨੇਡਾ, ਕੁਲਦੀਪ ਸਿੰਘ ਦੀਪਾ ਆਸਟ੍ਰੇਲੀਆ, ਅਮਰੀਕ ਸਿੰਘ ਆਸਟ੍ਰੇਲੀਆ, ਸੁਲੱਖਣ ਸਿੰਘ ਯੂ.ਐਸ.ਏ. ਅਨੁਸਾਰ ਮਹਿੰਦਰ ਸਿੰਘ ਨਾਮ ਦਾ ਮਿਹਨਤੀ ਇਨਸਾਨ ਕਰੀਬ 40-50 ਸਾਲ ਤੋਂ ਰਿਕਸ਼ਾ ਚਲਾ ਕੇ ਪਰਿਵਾਰ ਪਾਲ ਰਿਹਾ ਸੀ ਪਰ ਹੁਣ ਬੁਢਾਪੇ ‘ਚ ਰਿਕਸ਼ਾ ਚਲਾਉਣ ਵਿਚ ਉਸਨੂੰ ਮੁਸ਼ਕਲ ਹੋ ਰਹੀ ਸੀ। ਜਿਸ ਕਰਕੇ ਸੁਸਾਇਟੀ ਦੇ ਮੈਂਬਰਾਂ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਉਸ ਨੂੰ ਆਟੋ ਰਿਕਸ਼ਾ ਲੈ ਕੇ ਦਿੱਤਾ ਗਿਆ ਹੈ। ਇਸ ਮੌਕੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਸੁਸਾਇਟੀ ਵਲੋਂ ਬਹੁਤ ਸਾਰੇ ਸ਼ਲਾਘਾਯੋਗ ਭਲਾਈ ਦੇ ਕੰਮ ਕੀਤੇ ਗਏ ਹਨ। ਬਾਬਾ ਗਧੀਆ ਦੇ ਮੁਰਦਾ ਘਰ (ਮੋਰਚਰੀ) ਦੀ ਸਥਾਪਨਾ ਵੀ ਇਸੇ ਸੁਸਾਇਟੀ ਦੇ ਸਹਿਯੋਗ ਨਾਲ ਕੀਤੀ ਗਈ। ਜਿਸ ਦਾ ਲਾਭ ਅੱਜ ਨਾ ਸਿਰਫ ਫਗਵਾੜਾ ਸ਼ਹਿਰ ਬਲਕਿ ਨੇੜਲੇ ਪਿੰਡਾਂ ਦੇ ਲੋਕ ਵੀ ਲੈ ਰਹੇ ਹਨ।