ਸਥਾਨਕ ਖਬਰ
ਜੀ.ਆਰ.ਡੀ. ਕੋ-ਐਜੂਕੇਸ਼ਨਲ ਕਾਲਜ ਫਗਵਾੜਾ ਵਿਖੇ ਰੁਜ਼ਗਾਰ ਮੁਖੀ ਵੋਕੇਸ਼ਨਲ ਕੋਰਸਾਂ ਦੀ ਹੋਈ ਸ਼ੁਰੂਆਤ
ਕਿੱਤਾ ਮੁਖੀ ਕੋਰਸਾਂ ਰਾਹੀਂ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣਾ ਉਦੇਸ਼ - ਡਾ. ਨੀਲਮ ਸੇਠੀ
ਫਗਵਾੜਾ 22 ਮਈ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ ) ਫਗਵਾੜਾ ਦੇ ਹੁਸ਼ਿਆਰਪੁਰ ਰੋਡ ਸਥਿਤ ਜੀ.ਆਰ.ਡੀ. ਕੋ-ਐਜੂਕੇਸ਼ਨਲ ਕਾਲਜ ਵੱਲੋਂ ਵਿਦਿਆਰਥੀਆਂ ਅਤੇ ਸਥਾਨਕ ਨੌਜਵਾਨ ਕਮਿਉਨਿਟੀ ਨੂੰ ਰੋਜ਼ਗਾਰ ਮੁਖੀ ਹੁਨਰਾਂ ਨਾਲ ਜੋੜਨ ਲਈ ਵੱਖ-ਵੱਖ ਵੋਕੇਸ਼ਨਲ ਸਕਿਲ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਫੈਸ਼ਨ ਡਿਜ਼ਾਈਨਿੰਗ, ਕਾਸਮੈਟੋਲੋਜੀ, ਕੰਪਿਊਟਰ ਅਤੇ ਅੰਗਰੇਜ਼ੀ ਵਿਭਾਗਾਂ ਦੇ ਸਹਿਯੋਗ ਨਾਲ ਵੱਖ-ਵੱਖ ਕਿੱਤਾ ਮੁਖੀ ਕੋਰਸ ਕਰਵਾਏ ਜਾਣਗੇ। ਕਾਲਜ ਦੇ ਡਾਇਰੈਕਟਰ ਐਜੂਕੇਸ਼ਨ ਡਾ. ਨੀਲਮ ਸੇਠੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਯੋਗ ਬਣਾਉਣਾ, ਛੁੱਟੀਆਂ ਅਤੇ ਖਾਲੀ ਸਮੇਂ ਦੀ ਰਚਨਾਤਮਕ ਵਰਤੋਂ ਕਰਵਾਉਣਾ ਅਤੇ ਘੱਟ ਖਰਚੇ ਵਿੱਚ ਉੱਚ ਪੱਧਰੀ ਵਿਹਾਰਿਕ ਸਿੱਖਿਆ ਪ੍ਰਦਾਨ ਕਰਨਾ ਹੈ। ਇਸ ਪ੍ਰੋਗਰਾਮ ਤਹਿਤ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਿੱਚ ਟਾਈ ਐਂਡ ਡਾਈ, ਸਕੈਚਿੰਗ, ਬਲਾਕ ਪ੍ਰਿੰਟਿੰਗ, ਸਟੈਂਸਿਲ ਪ੍ਰਿੰਟਿੰਗ, ਬੇਸਿਕ ਕਢਾਈ, ਸਿਲਾਈ ਅਤੇ ਫਾਈਨ ਆਰਟ ਦੀ ਸਿਖਲਾਈ ਦਿੱਤੀ ਜਾਵੇਗੀ। ਕਾਸਮੈਟੋਲੋਜੀ ਵਿਭਾਗ ਵਿੱਚ ਹੇਅਰ ਸਟਾਈਲਿੰਗ, ਫੇਸ਼ੀਅਲ, ਬੇਸਿਕ ਮੇਕਅੱਪ, ਨੇਲ ਆਰਟ, ਸਾੜੀ ਅਤੇ ਦੁਪੱਟਾ ਡਰੇਪਿੰਗ, ਸਕਿਨ ਕਲੀਨਜ਼ਿੰਗ, ਮੈਨੀਕਿਊਰ ਅਤੇ ਪੈਡੀਕਿਊਰ ਵਰਗੇ ਵਿਸ਼ਿਆਂ ਦੀ ਸਿਖਲਾਈ ਜਦਕਿ ਕੰਪਿਊਟਰ ਸਾਇੰਸ ਵਿਭਾਗ ਅਧੀਨ ਬੇਸਿਕ ਕੰਪਿਊਟਰ ਅਤੇ ਪ੍ਰੋਗਰਾਮਿੰਗ ਭਾਸ਼ਾਵਾਂ ਜਿਵੇਂ ਕਿ ਸੀ, ਸੀ++ ਅਤੇ ਪਾਈਥੋਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅੰਗਰੇਜ਼ੀ ਵਿਭਾਗ ਵੱਲੋਂ ਬੇਸਿਕ ਇੰਗਲਿਸ਼ ਗ੍ਰੈਮਰ ਅਤੇ ਸਪੋਕਨ ਇੰਗਲਿਸ਼ ਦੀ ਵਿਸ਼ੇਸ਼ ਟਰੇਨਿੰਗ ਵੀ ਕਰਵਾਈ ਜਾਵੇਗੀ। ਕਾਲਜ ਵੱਲੋਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵੀ ਵਿਸ਼ੇਸ਼ ਸੈਸ਼ਨ ਰੱਖੇ ਗਏ ਹਨ, ਜਿਨ੍ਹਾਂ ਵਿੱਚ ਸਮਾਂ ਪ੍ਰਬੰਧਨ, ਪ੍ਰੀਖਿਆ ਤਿਆਰੀ ਦੀਆਂ ਰਣਨੀਤੀਆਂ ਅਤੇ ਟੀਚਾ ਨਿਰਧਾਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਟ੍ਰੇਨਿੰਗ ਪ੍ਰੋਗਰਾਮ ਡਾ. ਨੀਲਮ ਸੈਠੀ ਤੋਂ ਇਲਾਵਾ ਪਿ੍ਰੰਸੀਪਲ ਗੁਰਜੀਤ ਕੌਰ ਅਤੇ ਮੁੱਖ ਕੋਆਰਡੀਨੇਟਰ ਮੈਡਮ ਮੀਨਾਕਸ਼ੀ ਤੇ ਭੁਪਿੰਦਰ ਕੌਰ ਦੀ ਦੇਖ-ਰੇਖ ਹੇਠ ਚਲਾਇਆ ਜਾਵੇਗਾ। ਇਸ ਮੌਕੇ ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਇਹ ਕੋਰਸ ਉਦਯੋਗਿਕ ਲੋੜਾਂ ਅਤੇ ਘਰੇਲੂ ਉਦਯੋਗਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਣਗੇ। ਕੋਰਸ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇੱਛੁਕ ਨੌਜਵਾਨ ਕਾਲਜ ਦਫ਼ਤਰ ਜਾਂ ਪ੍ਰੋਗਰਾਮ ਕੋਆਰਡੀਨੇਟਰਾਂ ਨਾਲ ਸੰਪਰਕ ਕਰ ਸਕਦੇ ਹਨ।
ਤਸਵੀਰ ਕੈਪਸ਼ਨ- ਜੀ.ਆਰ.ਡੀ. ਕਾਲਜ ਵਿਖੇ ਕਰਵਾਏ ਜਾ ਰਹੇ ਵੋਕੇਸ਼ਨਲ ਕੋਰਸਾਂ ਦੌਰਾਨ ਟ੍ਰੇਨਿੰਗ ਹਾਸਲ ਕਰਦੇ ਸਿਖਿਆਰਥੀ।
ਤਸਵੀਰ ਕੈਪਸ਼ਨ- ਜੀ.ਆਰ.ਡੀ. ਕਾਲਜ ਵਿਖੇ ਕਰਵਾਏ ਜਾ ਰਹੇ ਵੋਕੇਸ਼ਨਲ ਕੋਰਸਾਂ ਦੌਰਾਨ ਟ੍ਰੇਨਿੰਗ ਹਾਸਲ ਕਰਦੇ ਸਿਖਿਆਰਥੀ।
